ਲਹਿਰਾਗਾਗਾ: ਕੁੱਝ ਦਿਨਾਂ ’ਚ ਨਰਮੇ ਦਾ ਭਾਅ 700 ਰੁਪਏ ਪ੍ਰਤੀ ਕੁਇੰਟਲ ਵਧਿਆ
ਰਮੇਸ ਭਾਰਦਵਾਜ
ਲਹਿਰਾਗਾਗਾ, 26 ਸਤੰਬਰ
ਇਥੋਂ ਦੀ ਅਨਾਜ ਮੰਡੀ ਵਿੱਚ ਪਹਿਲੀ ਬਾਰਸ਼ ਮਗਰੋਂ ਕਿਸਾਨਾਂ ਦੇ ਚਿੱਟੇ ਸੋਨੇ ਨਰਮੇ ਦੀ ਆਮਦ ਵਿੱਚ ਚੋਖਾ ਹੋਇਆ ਹੈ। ਕੁਝ ਦਿਨਾਂ ਵਿੱਚ ਹੀ ਇਸਦੇ ਭਾਅ 700 ਰੁਪਏ ਕੁਇੰਟਲ ਤੱਕ ਵਧ ਗਏ ਹਨ, ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਕੁਝ ਦਿਨ ਪਹਿਲਾਂ ਇਸ ਨਰਮੇ ਦਾ ਭਾਅ 6600 ਰੁਪਏ ਪ੍ਰਤੀ ਕੁਇੰਟਲ ਸੀ ਪਰ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਅਗਵਾਈ ਹੇਠ ਮੈਸ: ਲੱਕੀ ਟ੍ਰੇਡਿੰਗ ਕੰਪਨੀ ਆੜ੍ਹਤੀ ਦੀ ਦੁਕਾਨ ਉਤੇ ਪਿੰਡ ਹਰਿਆਊ ਦੇ ਕਿਸਾਨ ਅਵਤਾਰ ਸਿੰਘ ਦਾ ਕਰੀਬ 25 ਮਣ ਨਰਮਾ 7290 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਉੱਚੀ ਬੋਲੀ ਲਾ ਕੇ ਨੀਤਨ ਕਾਟਨ ਕੰਪਨੀ ਦੇ ਮਾਲਕ ਸੰਜੇ ਕੁਮਾਰ ਨੇ ਖਰੀਦਿਆ। ਇਸ ਮੌਕੇ ਸ੍ਰੀ ਰੱਬੜ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਨਰਮੇ ਦੇ ਭਾਅ ਅਤੇ ਆਮਦ ਵਿਚ ਵਾਧਾ ਹੋਣਾ ਯਕੀਨੀ ਹੈ। ਇਸ ਮੌਕੇ ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਅਜੋਕੀ ਲਾਗਤ ਅਤੇ ਪਿਛਲੀ ਵਾਰ ਦੇ ਮੁਤਾਬਿਕ ਨਰਮੇ ਦਾ ਭਾਅ ਬਹੁਤ ਘੱਟ ਹੈ। ਜੇ ਸਰਕਾਰ ਨਰਮੇ ਹੇਠ ਰਕਬਾ ਵਧਾ ਕੇ ਧਰਤੀ ਹੇਠਲਾ ਪਾਣੀ ਬਚਾਉਣਾ ਚਾਹੁੰਦੀ ਹੈ ਤਾਂ ਨਰਮੇ ਦਾ ਘੱਟੋ ਘੱਟ ਰੇਟ 11000 ਰੁਪਏ ਕੁਇੰਟਲ ਨਿਸ਼ਚਿਤ ਕਰੇ। ਇਸ ਮੌਕੇ ਕਾਟਨ ਮਿਲਾਂ ਦੇ ਮਾਲਕ ਸੰਜੇ ਕੁਮਾਰ ਅਤੇ ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ ਕਿ ਨਰਮੇ ਦੀ ਬਿਜਾਈ ਘੱਟ ਹੋਣ ਕਾਟਨ ਮਿੱਲਾਂ ਦਾ ਘਰ ਪੂਰਾ ਨਹੀਂ ਹੋ ਰਿਹਾ, ਕਿਉਂਕਿ ਮਜ਼ਦੂਰ, ਮਿਸਤਰੀ, ਮੁਨਸ਼ੀ ਅਤੇ ਮੁਨੀਮਾਂ ਦੇ ਖਰਚੇ ਪਹਿਲਾਂ ਨਾਲੋਂ ਵੀ ਵਧ ਗਏ ਹਨ। ਪੰਜਾਬ ਦੀਆਂ 80 ਫੀਸਦੀ ਮਿੱਲਾਂ ਬੰਦ ਹੋ ਚੁੱਕੀਆਂ ਹਨ। ਇਸ ਮੌਕੇ ਲੱਕੀ ਗੋਇਲ ਅਤੇ ਐਡਵੋਕੇਟ ਸੁਮਿਤ ਕੁਮਾਰ ਤੇ ਸਤੀਸ਼ ਕੁਮਾਰ ਰਿੰਕੂ ਹਾਜ਼ਰ ਸਨ।