ਇਨਕਮ ਟੈਕਸ ਭਰਨ ਦੀ ਆਖ਼ਰੀ ਤਰੀਕ ਅੱਜ
ਨਵੀਂ ਦਿੱਲੀ, 30 ਜੁਲਾਈ
ਵਿੱਤੀ ਵਰ੍ਹੇ 2022-23 ਲਈ ਹੁਣ ਤੱਕ ਛੇ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ ਦਾਖ਼ਲ ਕੀਤੀ ਜਾ ਚੁੱਕੀ ਹੈ। ਇਹ ਸੰਖਿਆ ਪਿਛਲੇ ਸਾਲ 31 ਜੁਲਾਈ ਤੱਕ ਦਾਖ਼ਲ ਕੀਤੇ ਗਏ ਆਈਟੀਆਰ ਦੇ ਅੰਕੜਿਆਂ ਤੋਂ ਟੱਪ ਗਈ ਹੈ। ਤਨਖ਼ਾਹ ਲੈਣ ਵਾਲਿਆਂ ਅਤੇ ਅਜਿਹੇ ਲੋਕਾਂ, ਜਿਨ੍ਹਾਂ ਨੂੰ ਆਪਣੇ ਖ਼ਾਤਿਆਂ ਦਾ ਆਡਿਟ ਕਰਵਾਉਣ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਆਈਟੀਆਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਹੈ। ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ ਕਿ ਇਕੱਲੇ ਐਤਵਾਰ ਨੂੰ ਹੀ 27 ਲੱਖ ਦੇ ਕਰੀਬ ਟੈਕਸ ਦਾਤਿਆਂ ਨੇ ਆਪਣੀ ਰਿਟਰਨ ਫਾਈਲ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਈ-ਫਾਈਲਿੰਗ ਪੋਰਟਲ ’ਤੇ ਅੱਜ ਦੁਪਹਿਰ ਇੱਕ ਵਜੇ ਤੱਕ 46 ਲੱਖ ਤੋਂ ਵੱਧ ਸਫ਼ਲ ‘ਲਾਗਇਨ’ ਹੋ ਚੁੱਕੇ ਹਨ। ਸ਼ਨਿੱਚਰਵਾਰ ਨੂੰ 1.78 ਕਰੋੜ ਸਫ਼ਲ ‘ਲਾਗਇਨ’ ਹੋਏ ਹਨ। ਵਿਭਾਗ ਨੇ ਦੁਪਹਿਰ ਕਰੀਬ ਦੋ ਵਜੇ ਟਵੀਟ ਕੀਤਾ ਸੀ, ‘‘ਅੱਜ ਇੱਕ ਵਜੇ ਤੱਕ 10.39 ਲੱਖ ਆਈਟੀਆਰ ਦਾਖ਼ਲ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 3.04 ਲੱਖ ਸਿਰਫ਼ ਆਖ਼ਰੀ ਇੱਕ ਘੰਟੇ ’ਚ ਦਾਖ਼ਲ ਹੋਏ ਹਨ।’’ -ਪੀਟੀਆਈ