ਭਾਰਤ ’ਚ ਜੌਬ ਮਾਰਕੀਟ ਨੂੰ ਹੁਲਾਰੇ ਦੀ ਲੋੜ: ਰਾਜਨ
ਦਾਵੋੋਸ, 21 ਜਨਵਰੀ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਭਾਰਤ ’ਚ ਬੁਨਿਆਦੀ ਢਾਂਚਾ ਖੇਤਰ ’ਚ ਕੀਤੇ ਚੰਗੇ ਕੰਮਾਂ ਲਈ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਅਗਾਮੀ ਬਜਟ ’ਚ ਰੁਜ਼ਗਾਰ ਮਾਰਕੀਟ ਨੂੰ ਹੁਲਾਰਾ ਦੇਣ ਲਈ ਕੁਝ ਠੋਸ ਕਦਮ ਚੁੱਕੇ ਜਾਣਗੇ। ਇਥੇ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਵਿੱਚ ਅਮਰੀਕੀ ਡਾਲਰ ਬਾਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਜਨ ਨੇ ਆਖਿਆ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 85 ਰੁਪਏ ਦੇ ਪੱਧਰ ਦੇ ਨੇੜੇ ਆਉਣਾ ਕਿਸੇ ਘਰੇਲੂ ਕਾਰਕ ਦੀ ਬਜਾਏ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਕਾਰਨ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਮੁਹਾਜ਼ ’ਤੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਖਖਤ ਨੂੰ ਹੁਲਾਰਾ ਦੇਣ ਲਈ ਦੂਜਾ ਅਹਿਮ ਥੰਮ੍ਹ ‘ਜੌਬ ਮਾਰਕੀਟ’ ਹੈ, ਜਿਸ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ 6 ਫ਼ੀਸਦ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ, ਜੋ ਅਸਲ ਵਿੱਚ ਬਹੁਤ ਵਧੀਆ ਹੈ। -ਪੀਟੀਆਈ
ਬਰਿਕਸ ਸਮੂਹ ਲਈ ਸਾਂਝੀ ਮੁਦਰਾ ਦੀ ਸੰਭਾਵਨਾ ਤੋਂ ਇਨਕਾਰ
ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਬਰਿਕਸ ਸਮੂਹ ਲਈ ਇੱਕ ਸਾਂਝੀ ਮੁਦਰਾ ਤੋਂ ਫਿਲਹਾਲ ਇਨਕਾਰ ਕੀਤਾ ਹੈ। ਉਨ੍ਹਾਂ ਆਖਿਆ, ‘‘ਬਰਿਕਸ ਵਿੱਚ ਇੱਕ ਸਾਂਝੀ ਮੁਦਰਾ ਹੋਣ ਲਈ ਸਾਨੂੰ ਕਈ ਭੂ-ਰਾਜਨੀਤਕ ਮੁੱਦੇ ਹੱਲ ਕਰਨ ਦੀ ਲੋੜ ਹੈ। ਭਾਰਤ ਤੇ ਚੀਨ ਵਿਚਾਲੇ ਚਿੰਤਾਵਾਂ ਹਨ ਜਦਕਿ ਹੋਰ ਮੈਂਬਰਾਂ ਕੋਲ ਆਪਣੇ ਵੱਖ ਮੁੱਦੇ ਹਨ। ਮੈਨੂੰ ਨਹੀਂ ਲੱਗਦਾ ਕਿ ਨੇੜ ਭਵਿੱਖ ’ਚ ਅਜਿਹਾ ਹੋਵੇਗਾ।’’