Indian Stock Market: ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ-ਨਿਫਟੀ ਦੀ ਲੰਮੀ ਛਾਲ, ਸੈਂਸੈਕਸ 1000 ਅੰਕ ਚੜ੍ਹਿਆ
ਜੀਐੈੱਸਟੀ ਵਿਚ ਕਟੌਤੀ ਮਗਰੋਂ ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਅਤੇ ਨਿਫਟੀ ਵਿੱਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਜ਼ੀ ਦਰਜ ਕੀਤੀ ਗਈ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 1,021.93 ਅੰਕ ਚੜ੍ਹ ਕੇ 81,619.59 ਅੰਕ ’ਤੇ ਪਹੁੰਚ ਗਿਆ, ਜਦੋਂਕਿ ਨਿਫਟੀ 322.2 ਅੰਕ ਚੜ੍ਹ ਕੇ 24,953.50 ਅੰਕ ’ਤੇ ਰਹਿ ਗਿਆ।
ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਮਾਰੂਤੀ, ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਅਲਟਰਾਟੈੱਕ ਸੀਮੈਂਟ, ਟ੍ਰੈਂਟ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਫਾਇਦੇ ਵਿੱਚ ਰਹੇ। ਲਾਰਸਨ ਐਂਡ ਟੂਬਰੋ, ਆਈਟੀਸੀ, ਐੱਚਸੀਐੱਲ ਟੈਕਨੋਲੋਜੀਜ਼ ਅਤੇ ਇਨਫੋਸਿਸ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਏਸ਼ਿਆਈ ਬਾਜ਼ਾਰਾਂ ਵਿੱਚ ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ, ਜਾਪਾਨ ਦਾ ਨਿੱਕੀ 225 ਅਤੇ ਹਾਂਗਕਾਂਗ ਦਾ ਹੈਂਗਸੈਂਗ ਫਾਇਦੇ ਵਿੱਚ ਰਹੇ, ਜਦੋਂਕਿ ਦੱਖਣੀ ਕੋਰੀਆ ਦਾ ਕੋਸਪੀ ਨੁਕਸਾਨ ਵਿੱਚ ਰਿਹਾ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ ਸਨ। ਅੰਤਰਰਾਸ਼ਟਰੀ ਮਾਪਦੰਡ ਬ੍ਰੈਂਟ ਕਰੂਡ 0.05 ਫੀਸਦ ਘਟ ਕੇ 65.82 ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਰਿਹਾ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਵੀਰਵਾਰ ਨੂੰ ਵਿਕਰੇਤਾ ਰਹੇ ਸਨ ਅਤੇ ਉਨ੍ਹਾਂ ਨੇ ਕੁੱਲ 1,926.76 ਕਰੋੜ ਰੁਪਏ ਦੇ ਸ਼ੇਅਰ ਵੇਚੇ। ਆਜ਼ਾਦੀ ਦਿਵਸ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ ਮੁਦਰਾ ਅਤੇ ਸ਼ੇਅਰ ਬਾਜ਼ਾਰ ਬੰਦ ਰਹੇ।
ਉਧਰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਇਆ 20 ਪੈਸੇ ਵਧ ਕੇ 87.39 ’ਤੇ ਪਹੁੰਚ ਗਿਆ।