ਭਾਰਤੀ ਰੁਪਈਆ ਰਿਕਾਰਡ ਹੇਠਲੇ ਪੱਧਰ ’ਤੇ; ਇਕ ਅਮਰੀਕੀ ਡਾਲਰ ਦੀ ਕੀਮਤ 90 ਰੁਪਏ
ਸੈਂਸੈਕਸ ਤੇ ਨਿਫਟੀ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ
ਭਾਰਤੀ ਰੁਪਈਆ ਬੁੱਧਵਾਰ ਨੂੰ ਪਹਿਲੀ ਵਾਰ ਅਮਰੀਕੀ ਡਾਲਰ ਦੇ ਮੁਕਾਬਲੇ 90 ਦੇ ਪੱਧਰ ਨੂੰ ਪਾਰ ਕਰ ਗਿਆ ਤੇ ਸ਼ੁਰੂਆਤੀ ਕਾਰੋਬਾਰ ਵਿਚ ਛੇ ਪੈਸੇ ਟੁੱਟ ਕੇ 90.02 ਪ੍ਰਤੀ ਡਾਲਰ ਨੂੰ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਬੈਂਕਾਂ ਦੇ ਉੱਚ ਪੱਧਰ ’ਤੇ ਅਮਰੀਕੀ ਡਾਲਰ ਦੀ ਖਰੀਦ ਜਾਰੀ ਰੱਖਣ ਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਕਰਕੇ ਰੁਪਏ ’ਤੇ ਦਬਾਅ ਵਧਿਆ। ਹਾਲਾਂਕਿ ਕਮਜ਼ੋਰ ਡਾਲਰ ਤੇ ਆਲਮੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਿਘਾਰ ਨੇ ਇਸ ਗਿਰਾਵਟ ਨੂੰ ਘੱਟ ਕੀਤਾ।
ਅੰਤਰਬੈਂਕ ਵਿਦੇਸ਼ੀ ਮੁਦਰਾ ਨਿਵੇਸ਼ ਬਾਜ਼ਾਰ ਵਿਚ ਰੁਪਈਆ ਅਮਰੀਕੀ ਡਾਲਰ ਦੇ ਮੁਕਾਬਲੇ 89.96 ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ 90.15 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ, ਪਰ ਮਗਰੋਂ ਕੁਝ ਸੁਧਾਰ ਨਾਲ 90.02 ’ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਭਾਵ 6 ਪੇਸੇ ਦੇ ਨਿਘਾਰ ਨੂੰ ਦਰਸਾਉਂਦਾ ਹੈ। ਰੁਪਈਆ ਮੰਗਲਵਾਰ ਨੂੰ 43 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 89.96 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ।
ਉਧਰ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਤੇ ਨਿਵੇਸ਼ਕਾਂ ਦੀ ਮੁਨਾਫ਼ਾ ਵਸੂਲੀ ਦਰਮਿਆਨ ਸੈਂਸੈਕਸ ਤੇ ਨਿਫਟੀ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ। ਘਰੇਲੂ ਬਾਜ਼ਾਰਾਂ ਵਿਚ ਲਗਾਤਾਰ ਚੌਥੇ ਸੈਸ਼ਨ ਵਿਚ ਗਿਰਾਵਟ ਜਾਰੀ ਰਹੀ। 30 ਸ਼ੇਅਰਾਂ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ਵਿਚ 165.35 ਅੰਕ ਡਿੱਗ ਕੇ 84,972.92 ਦੇ ਪੱਧਰ ਨੂੰ ਪਹੁੰਚ ਗਿਆ।
50 ਸ਼ੇਅਰਾਂ ਵਾਲਾ NSE Nifty 77.85 ਅੰਕ ਟੁੱਟ ਕੇ 25,954.35 ਨੁਕਤਿਆਂ ’ਤੇ ਰਿਹਾ। ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ਵਿਚੋਂ ਹਿੰਦੁਸਤਾਨ ਯੂਨੀਲੀਵਰ, ਭਾਰਤ ਇਲੈਕਟ੍ਰਾਨਿਕਸ, ਟਾਈਟਨ, ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼, ਐਨਟੀਪੀਸੀ ਅਤੇ ਸਟੇਟ ਬੈਂਕ ਆਫ਼ ਇੰਡੀਆ ਸਭ ਤੋਂ ਵੱਧ ਨੁਕਸਾਨੇ ਗਏ।
ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਟੈਕ ਮਹਿੰਦਰਾ ਅਤੇ ਆਈਸੀਆਈਸੀਆਈ ਬੈਂਕ ਮੁਨਾਫੇ ਵਿਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ 225 ਸਕਾਰਾਤਮਕ ਜ਼ੋਨ ਵਿੱਚ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਲਾਲ ਨਿਸ਼ਾਨ ਵਿੱਚ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ।

