ਭਾਰਤੀ ਰੁਪੱਈਆ ਡਿੱਗਣ ਦਾ ਸਿਲਸਿਲਾ ਜਾਰੀ; ਇਕ ਡਾਲਰ ਦੀ ਕੀਮਤ 90.43 ਰੁਪਏ
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਪੂੰਜੀ ਦੇ ਨਿਕਾਸ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਦਖ਼ਲ ਦਰਮਿਆਨ ਭਾਰਤੀ ਰੁਪੱਈਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 28 ਪੈਸੇ ਡਿੱਗ ਕੇ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.43 ’ਤੇ ਪਹੁੰਚ ਗਿਆ। ਫੌਰੈਕਸ ਵਪਾਰੀਆਂ ਨੇ ਕਿਹਾ ਕਿ ਮਹੱਤਵਪੂਰਨ ਮੁਦਰਾ ਨੀਤੀ ਕਮੇਟੀ (MPC) ਦੇ ਫੈਸਲੇ ਤੋਂ ਪਹਿਲਾਂ ਕੇਂਦਰੀ ਬੈਂਕ ਦੇ ਦਖ਼ਲ ਅਤੇ ਦਰਾਮਦਕਾਰਾਂ ਵੱਲੋਂ ਡਾਲਰ ਦੀ ਵਧਦੀ ਮੰਗ ਕਰਕੇ ਸਥਾਨਕ ਮੁਦਰਾ ’ਤੇ ਲਗਾਤਾਰ ਦਬਾਅ ਵਧਿਆ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ 90.36 ’ਤੇ ਖੁੱਲ੍ਹਿਆ। ਸ਼ੁਰੂਆਤੀ ਸੌਦਿਆਂ ਵਿੱਚ ਇਹ ਡਾਲਰ ਦੇ ਮੁਕਾਬਲੇ 90.43 ਦੇ ਰਿਕਾਰਡ ਹੇਠਲੇ ਪੱਧਰ ’ਤੇ ਹੋਰ ਡਿੱਗ ਗਿਆ, ਜੋ ਆਪਣੇ ਪਿਛਲੇ ਬੰਦ ਪੱਧਰ ਤੋਂ 28 ਪੈਸੇ ਘੱਟ ਸੀ। ਬੁੱਧਵਾਰ ਨੂੰ ਰੁਪੱਈਆ ਪਹਿਲੀ ਵਾਰ 90-ਪ੍ਰਤੀ ਡਾਲਰ ਦੇ ਪੱਧਰ ਨੂੰ ਪਾਰ ਕਰ ਗਿਆ ਅਤੇ ਡਾਲਰ ਦੇ ਮੁਕਾਬਲੇ 90.15 ਦੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਇਸ ਦੌਰਾਨ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਬੁੱਧਵਾਰ ਨੂੰ ਕਿਹਾ ਕਿ ਡਿੱਗਦੇ ਰੁਪਏ ਨਾਲ ਮਹਿੰਗਾਈ ਜਾਂ ਬਰਾਮਦ ’ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਡਿੱਗਦਾ ਰੁਪੱਈਆ ਬਾਹਰੀ ਸ਼ਿਪਮੈਂਟ ਵਿੱਚ ਮਦਦਗਾਰ ਹੁੰਦਾ ਹੈ ਪਰ ਦਰਾਮਦ ਮਹਿੰਗੀ ਕਰ ਦਿੰਦਾ ਹੈ। ਨਾਗੇਸ਼ਵਰਨ ਨੇ ਬੁੱਧਵਾਰ ਨੂੰ ਇੱਕ ਸਮਾਗਮ ਵਿੱਚ ਕਿਹਾ ਕਿ ਦਰਾਮਦ-ਨਿਰਭਰ ਖੇਤਰਾਂ ਜਿਵੇਂ ਕਿ ਰਤਨ ਅਤੇ ਗਹਿਣੇ, ਪੈਟਰੋਲੀਅਮ ਅਤੇ ਇਲੈਕਟ੍ਰਾਨਿਕਸ ਨੂੰ ਇਨਪੁਟ ਲਾਗਤਾਂ ਵਿੱਚ ਵਾਧੇ ਕਾਰਨ ਘੱਟ ਲਾਭ ਮਿਲ ਸਕਦੇ ਹਨ, ਜਿਸ ਨਾਲ ਮਹਿੰਗਾਈ ਦੀਆਂ ਉਮੀਦਾਂ ’ਤੇ ਦਬਾਅ ਪੈ ਸਕਦਾ ਹੈ।
