ਭਾਰਤ-ਚੀਨ ਉਡਾਣਾਂ ਪੰਜ ਸਾਲ ਬਾਅਦ ਮੁੜ ਸ਼ੁਰੂ
ਇੰਡੀਗੋ ਨੇ ਅੱਜ ਕਿਹਾ ਕਿ ਉਸ ਨੇ ਕੋਲਕਾਤਾ ਅਤੇ ਗੁਆਂਗਜ਼ੂ ਵਿਚਾਲੇ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨਾਲ ਪੰਜ ਸਾਲ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਿੱਧੀਆਂ ਹਵਾਈ ਸੇਵਾਵਾਂ ਬਹਾਲ ਹੋ ਗਈਆਂ ਹਨ। ਪਹਿਲੀ ਉਡਾਣ ਬੀਤੀ ਰਾਤ ਕਰੀਬ 10 ਵਜੇ ਕੋਲਕਾਤਾ ਤੋਂ ਰਵਾਨਾ ਹੋਈ। ਇਸ ਉਡਾਣ ਲਈ ਏਅਰਬੱਸ ਏ320 ਜਹਾਜ਼ ਦੀ ਵਰਤੋਂ ਕੀਤੀ ਗਈ। ਵਾਪਸੀ ਦੀ ਉਡਾਣ ਸਵੇਰੇ ਕਰੀਬ 7:50 ਵਜੇ ਉੱਤਰੀ। ਦੋਵਾਂ ਸ਼ਹਿਰਾਂ ਵਿਚਾਲੇ ਸੇਵਾ ਰੋਜ਼ਾਨਾ ਜਾਰੀ ਰਹੇਗੀ।
ਇੰਡੀਗੋ ਦੇ ਸੀ ਈ ਓ ਪੀਟਰ ਐਲਬਰਸ ਨੇ ਕਿਹਾ ਕਿ ਇਹ ਕੋਲਕਾਤਾ ਅਤੇ ਗੁਆਂਗਜ਼ੂ ਵਿਚਾਲੇ ਰੋਜ਼ਾਨਾ ਨਾਨ-ਸਟਾਪ ਉਡਾਣਾਂ ਮੁੜ ਸ਼ੁਰੂ ਕਰਨ ਵਾਲੀ ਪਹਿਲੀ ਭਾਰਤੀ ਏਅਰਲਾਈਨ ਹੈ। ਉਨ੍ਹਾਂ ਕਿਹਾ, ‘‘ਇਹ ਚੀਨੀ ਯਾਤਰੀਆਂ ਅਤੇ ਨਿਵੇਸ਼ਕਾਂ ਲਈ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਵਧ ਰਹੇ ਬਾਜ਼ਾਰਾਂ ਨੂੰ ਖੋਜਣ ਦੇ ਦਰਵਾਜ਼ੇ ਖੋਲ੍ਹਦਾ ਹੈ। ਇਹ ਰਣਨੀਤਕ ਕਦਮ ਦੁਵੱਲੇ ਸਬੰਧਾਂ ਨੂੰ ਵਧਾਏਗਾ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਸਹਾਰਾ ਦੇਵੇਗਾ ਤੇ ਦੋਵਾਂ ਦੇਸ਼ਾਂ ਵਿੱਚ ਸੈਰ-ਸਪਾਟੇ, ਸਿੱਖਿਆ ਅਤੇ ਸਿਹਤ ਸੰਭਾਲ ਨੂੰ ਹੁਲਾਰਾ ਦੇਵੇਗਾ।’’
ਆਪਣੀਆਂ ਚੀਨ ਸੇਵਾਵਾਂ ਦਾ ਵਿਸਥਾਰ ਕਰਦਿਆਂ ਏਅਰਲਾਈਨ 10 ਨਵੰਬਰ ਤੋਂ ਦਿੱਲੀ ਅਤੇ ਗੁਆਂਗਜ਼ੂ ਵਿਚਾਲੇ ਵੀ ਉਡਾਣਾਂ ਸ਼ੁਰੂ ਕਰੇਗੀ। ਦੋਵਾਂ ਦੇਸ਼ਾਂ ਵਿਚਾਲੇ ਸਿੱਧੀਆਂ ਉਡਾਣਾਂ 2020 ਵਿੱਚ ਕਰੋਨਾ ਕਾਰਨ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਬਾਅਦ ਵਿੱਚ ਪੂਰਬੀ ਲੱਦਾਖ ਸਰਹੱਦੀ ਵਿਵਾਦ ਕਾਰਨ ਇਹ ਸੇਵਾਵਾਂ ਬੰਦ ਰਹੀਆਂ।
