ਆਮਦਨ ਕਰ ਰਿਟਰਨ ਅੱਜ ਵੀ ਭਰੀ ਜਾ ਸਕੇਗੀ
ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (CBDT) ਨੇ ਅਸੈਸਮੈਂਟ ਸਾਲ 2025-26 ਲਈ ਆਮਦਨ ਕਰ ਰਿਟਰਨ ਭਰਨ ਦੀ ਸਮੇਂ ਸੀਮਾ 15 ਸਤੰਬਰ ਤੋਂ ਵਧਾ ਕੇ 16 ਸਤੰਬਰ 2025 ਕਰ ਦਿੱਤੀ ਹੈ। ਸੀਬੀਡੀਟੀ ਨੇ ਦੇਰ ਰਾਤ ਜਾਰੀ ਬਿਆਨ ਵਿਚ ਕਿਹਾ, ‘‘ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਅਸੈਸਮੈਂਟ ਸਾਲ 2025-26 ਲਈ ਆਮਦਨ ਕਰ ਰਿਟਰਨ ਦਾਖਲ ਕਰਨ ਦੀ ਆਖਰੀ ਮਿਤੀ 15 ਸਤੰਬਰ 2025 ਤੋਂ ਵਧਾ ਕੇ 16 ਸਤੰਬਰ 2025 ਕਰਨ ਦਾ ਫੈਸਲਾ ਕੀਤਾ ਹੈ।’’ ਸੇਵਾਵਾਂ ਵਿਚ ਬਦਲਾਅ ਨੂੰ ਲੈ ਕੇ ਈ-ਫਾਈਲਿੰਗ ਪੋਰਟਲ 16 ਸਤੰਬਰ 2025 ਨੂੰ ਸਵੇਰੇ 12 ਵਜੇ ਤੋਂ 2:30 ਵਜੇ ਤੱਕ ਰੱਖ-ਰਖਾਅ ਪੱਧਰ ’ਤੇ ਰਹੇਗਾ। ਕਾਬਿਲੇਗੌਰ ਹੈ ਕਿ ਕਈ ਲੋਕਾਂ ਨੇ ਆਮਦਨ ਕਰ ਰਿਟਰਨ ਭਰਨ ਵਿਚ ਤਕਨੀਕੀ ਖਾਮੀ ਦੀ ਸ਼ਿਕਾਇਤ ਕੀਤੀ ਸੀ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਹੀ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ ਵਿਚ ਇਕ ਦਿਨ ਦਾ ਵਾਧਾ ਕੀਤਾ ਗਿਆ ਹੈ। ਇਸ ਆਸੇ ਨੂੰ ਲੈ ਕੇ ਨੋਟੀਫਿਕੇਸ਼ਨ ਵੱਖਰੇ ਤੌਰ ’ਤੇ ਜਾਰੀ ਕੀਤਾ ਜਾ ਰਿਹਾ ਹੈ।
ਸੋਮਵਾਰ ਨੂੰ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ ਹੋਣ ਕਰਕੇ ਲੰਘੇ ਦਿਨ ਸ਼ਾਮ ਵਜੇ ਤੱਕ 7 ਕਰੋੜ ਤੋਂ ਵੱਧ ਆਈ-ਟੀ ਰਿਟਰਨ ਫਾਈਲ ਕੀਤੇ ਗਏ ਸਨ। ਹਾਲਾਂਕਿ ਇਸ ਦੌਰਾਨ ਇੰਟਰਨੈੱਟ ਯੂਜ਼ਰਸ ਨੇ ਈ-ਫਾਈਲਿੰਗ ਅਤੇ ਐਡਵਾਂਸ ਟੈਕਸ ਭੁਗਤਾਨ ਲਈ ਆਈ-ਟੀ ਵਿਭਾਗ ਦੇ ਪੋਰਟਲ ਵਿੱਚ ਖਾਮੀਆਂ ਦੀ ਸ਼ਿਕਾਇਤ ਕੀਤੀ ਸੀ।
ਆਖਰੀ ਮੌਕੇ ਭੀੜ ਪੈਣ ਕਰਕੇ ਈ-ਫਾਈਲਿੰਗ ਪੋਰਟਲ ਨੂੰ ਸੋਮਵਾਰ ਨੂੰ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ ਜੋ ਕਿ ਅਸੈਸਮੈਂਟ ਸਾਲ 2025-26 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ ਸੀ। ਇਸ ਤੋਂ ਇਲਾਵਾ ਵਿੱਤੀ ਸਾਲ ਲਈ ਐਡਵਾਂਸ ਟੈਕਸ ਦੀ ਦੂਜੀ ਤਿਮਾਹੀ ਕਿਸ਼ਤ ਦੇ ਭੁਗਤਾਨ ਦੀ ਵੀ ਸੋਮਵਾਰ ਨੂੰ ਆਖਰੀ ਮਿਤੀ ਸੀ।
ਸੋਮਵਾਰ ਦੇਰ ਸ਼ਾਮ ਆਮਦਨ ਕਰ ਵਿਭਾਗ ਨੇ ਆਈਟੀਆਰ ਫਾਈਲਰਾਂ ਲਈ ਬ੍ਰਾਊਜ਼ਰ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਗਾਈਡ ਸਾਂਝੀ ਕੀਤੀ। ਵਿਭਾਗ ਨੇ ਕਿਹਾ ਕਿ ਇਹ ਕਦਮ ਆਮ ਤੌਰ ’ਤੇ ਜ਼ਿਆਦਾਤਰ ਸਥਾਨਕ ਪਹੁੰਚ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕਰਦੇ ਹਨ।