Parliament Monsoon Session: ਵਿੱਤ ਮੰਤਰੀ ਨੇ ਲੋਕ ਸਭਾ ’ਚ ਆਮਦਨ ਕਰ ਬਿੱਲ ਵਾਪਸ ਲਿਆ, ਨਵਾਂ ਬਿੱਲ 11 ਨੂੰ ਹੋਵੇਗਾ ਪੇਸ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਆਮਦਨ ਕਰ ਬਿੱਲ (Income Tax Bill), 2025 ਵਾਪਸ ਲੈ ਲਿਆ ਅਤੇ ਸਰਕਾਰ ਹੁਣ ਸਿਲੈਕਟ ਕਮੇਟੀ ਵੱਲੋਂ ਸੁਝਾਏ ਗਏ ਬਦਲਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਕਾਨੂੰਨ ਦਾ ਇੱਕ ਸੋਧਿਆ ਹੋਇਆ ਸੰਸਕਰਣ ਲੈ ਕੇ ਆਵੇਗੀ।
ਆਮਦਨ ਕਰ ਬਿੱਲ ਦਾ ਇੱਕ ਨਵਾਂ ਸੰਸਕਰਣ 11 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ, ਆਮਦਨ ਕਰ ਬਿੱਲ ਦੇ ਅਪਡੇਟ ਕੀਤੇ ਸੰਸਕਰਣ ਵਿੱਚ ਸਿਲੈਕਟ ਕਮੇਟੀ ਦੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਸ਼ਾਮਲ ਹੋਣਗੀਆਂ।
ਸੂਤਰਾਂ ਨੇ ਕਿਹਾ, ‘‘ਬਿੱਲ ਦੇ ਕਈ ਸੰਸਕਰਣਾਂ ਕਾਰਨ ਪੈਦਾ ਹੋਣ ਵਾਲੀਆਂ ਉਲਝਣ ਤੋਂ ਬਚਣ ਅਤੇ ਸਾਰੇ ਬਦਲਾਵਾਂ ਨੂੰ ਸ਼ਾਮਲ ਕਰਕੇ ਇੱਕ ਸਪਸ਼ਟ ਅਤੇ ਅਪਡੇਟ ਕੀਤਾ ਸੰਸਕਰਣ ਪ੍ਰਦਾਨ ਕਰਨ ਲਈ ਆਮਦਨ ਕਰ ਬਿੱਲ ਦਾ ਨਵਾਂ ਸੰਸਕਰਣ ਸੋਮਵਾਰ ਨੂੰ ਸਦਨ ਦੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਬੈਜਯੰਤ ਪਾਂਡਾ (Baijayant Pand) ਦੀ ਪ੍ਰਧਾਨਗੀ ਵਾਲੀ ਸਿਲੈਕਟ ਕਮੇਟੀ ਨੇ ਆਮਦਨ ਕਰ ਬਿੱਲ ਵਿੱਚ ਕਈ ਬਦਲਾਅ ਸੁਝਾਏ ਸਨ। ਇਹ ਬਿਲ ਬੀਤੀ 13 ਫਰਵਰੀ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ।
ਹੇਠਲੇ ਸਦਨ ਵਿੱਚ ਪੇਸ਼ ਕੀਤੇ ਜਾਣ ਤੋਂ ਫ਼ੌਰੀ ਬਾਅਦ ਬਿੱਲ ਨੂੰ ਜਾਂਚ ਲਈ ਸਿਲੈਕਟ ਕਮੇਟੀ ਨੂੰ ਭੇਜਿਆ ਗਿਆ ਸੀ। ਇਹ ਬਿਲ ਛੇ ਦਹਾਕੇ ਪੁਰਾਣੇ ਆਮਦਨ ਕਰ ਐਕਟ, 1961 ਦੀ ਥਾਂ ਲਵੇਗਾ। ਇਸ 31 ਮੈਂਬਰੀ ਸਿਲੈਕਟ ਕਮੇਟੀ ਨੇ ਬਿੱਲ 'ਤੇ ਕਈ ਸੁਝਾਅ ਦਿੱਤੇ ਸਨ।