‘ਜੀ ਐੱਸ ਟੀ ਬੱਚਤ ਉਤਸਵ’ ਸਦਕਾ ਤਿਓਹਾਰਾਂ ਵਰਗੀ ਰੌਣਕ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ ਐੱਸ ਟੀ ਦੀਆਂ ਦਰਾਂ ਘੱਟ ਹੋਣ ’ਤੇ ਅਖ਼ਬਾਰਾਂ ’ਚ ਵਿਸਥਾਰ ਨਾਲ ਪ੍ਰਕਾਸ਼ਿਤ ਸੁਰਖੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ‘ਜੀ ਐੱਸ ਟੀ ਬੱਚਤ ਉਤਸਵ’ ਨਾਲ ਹਰ ਘਰ ’ਚ ਤਿਓਹਾਰਾਂ ਵਰਗੀ ਰੌਣਕ ਹੈ।
ਮੋਦੀ ਨੇ ਦੇਸ਼ ਦੇ ਪ੍ਰਮੁੱਖ ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਪਹਿਲੇ ਪੰਨੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ‘ਐਕਸ’ ਉੱਤੇ ਲਿਖਿਆ, ‘‘ਬਾਜ਼ਾਰ ਤੋਂ ਘਰਾਂ ਤੱਕ ਜੀ ਐੱਸ ਟੀ ਬੱਚਤ ਉਤਸਵ ਤਿਓਹਾਰਾਂ ਦੀ ਰੌਣਕ ਲੈ ਕੇ ਆਇਆ ਹੈ। ਇਸ ਨਾਲ ਕੀਮਤਾਂ ਘਟਣਗੀਆਂ ਅਤੇ ਹਰੇਕ ਘਰ ਵਿੱਚ ਖੁਸ਼ੀ ਆਵੇਗੀ।’’ ਮੋਦੀ ਨੇ ਨਰਾਤਿਆਂ ਦੇ ਪਹਿਲੇ ਦਿਨ ਜੀ ਐੱਸ ਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਦੀ ਪੂਰਬਲੀ ਸੰਧਿਆ ਮੌਕੇ ਐਤਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ।
ਉਧਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ ਐੱਸ ਟੀ ਸੁਧਾਰ ਗ਼ਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਦੀ ਸੇਵਾ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹਨ। ਉਨ੍ਹਾਂ ‘ਐਕਸ’ ਉੱਤੇ ਆਪਣੇ ਪੋਸਟ ਵਿੱਚ ਕਿਹਾ ਕਿ ਨਵੇਂ ਸੁਧਾਰ ਭਾਰਤ ਦੇ ਵਿਕਾਸ ਦੇ ਪਹੀਏ ਨੂੰ ਦੁਨੀਆ ਵਿੱਚ ਸਭ ਤੋਂ ਖੁਸ਼ਹਾਲ ਦੇਸ਼ ਬਣਨ ਦੀ ਰਾਹ ’ਤੇ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣਗੇ।
ਇਸੇ ਦੌਰਾਨ ਭਾਜਪਾ ਨੇ ਅੱਜ ਕਿਹਾ ਕਿ ਵੱਖ ਵੱਖ ਵਸਤਾਂ ’ਤੇ ਜੀ ਐੱਸ ਟੀ ਦੀਆਂ ਘੱਟ ਦਰਾਂ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਭਾਜਪਾ ਨੇ ਜੀ ਐੱਸ ਟੀ ਸੁਧਾਰਾਂ ਦੀ ਆਲੋਚਨਾ ਕਰਨ ਲਈ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਉਸ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਸਾਰੇ ਉਪਪਾਦਾਂ ’ਤੇ ਉੱਚ ਟੈਕਸ ਦਰਾਂ ਦਾ ਹਵਾਲਾ ਦਿੱਤਾ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਸ਼ਿਵਨੀ ਵੈਸ਼ਨਵ ਨੇ ਕਾਂਗਰਸ ਸਰਕਾਰ ਦੌਰਾਨ ਕਾਫੀ ਜ਼ਿਆਦਾ ਟੈਕਸ ਦਰਾਂ ਦਾ ਹਵਾਲਾ ਦਿੰਦੇ ਹੋਏ ਹੈਰਾਨੀ ਜ਼ਾਹਿਰ ਕੀਤੀ। ਜੀਐੱਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ’ਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੌਮੀ ਰਾਜਧਾਨੀ ਦੇ ਇੱਕ ਭੀੜ ਭੜੱਕੇ ਵਾਲੇ ਲਕਸ਼ਮੀ ਨਗਰ ਬਾਜ਼ਾਰ ਦਾ ਦੌਰਾ ਕੀਤਾ ਅਤੇ ਸਟੇਸ਼ਨਰੀ ਦੀ ਦੁਕਾਨ ਦੇ ਮਾਲਕ ਨਾਲ ਗੱਲਬਾਤ ਕੀਤੀ। ਵਿੱਤ ਮੰਤਰੀ ਦੇ ਦਫ਼ਤਰ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਦੁਕਾਨਦਾਰ ਨੇ ਦੱਸਿਆ ਕਿ ਸਟੇਸ਼ਨਰੀ ਦੀਆਂ ਬਹੁਤ ਸਾਰੀਆਂ ਵਸਤਾਂ ’ਤੇ ਨਵੀਂ ਪੀੜ੍ਹੀ ਦੀਆਂ ਜੀ ਐੱਸ ਟੀ ਦਰਾਂ ਲਾਗੂ ਹੋਣ ਨਾਲ ਇਨ੍ਹਾਂ ਦੀਆਂ ਕੀਮਤਾਂ ਘਟੀਆਂ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਫਾਇਦਾ ਹੋਇਆ ਹੈ।’’
ਕੀ ਕਟੌਤੀ ਦਾ ਲਾਭ ਖ਼ਪਤਕਾਰਾਂ ਤੱਕ ਪੁੱਜੇਗਾ ਜਾਂ ਨਹੀਂ: ਕਾਂਗਰਸ
ਕਾਂਗਰਸ ਨੇ ਅੱਜ ਕਿਹਾ ਕਿ ਜੀ ਐੱਸ ਟੀ ਵਿੱਚ ਸੀਮਿਤ ਸੁਧਾਰ ਅੱਠ ਸਾਲ ਦੇਰ ਨਾਲ ਹੋਇਆ ਹੈ ਅਤੇ ਇਸ ਗੱਲ ’ਤੇ ਵੱਡਾ ਸਵਾਲ ਇਹ ਹੈ ਕਿ ਕੀ ਜੀ ਐੱਸ ਟੀ ਦਰਾਂ ’ਚ ਕਟੌਤੀ ਦਾ ਲਾਭ ਖ਼ਪਤਕਾਰਾਂ ਤੱਕ ਪਹੁੰਚ ਸਕੇਗਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕੇਂਦਰੀ ਵਸਤਾਂ ਤੇ ਸੇਵਾ ਕਰ ਐਕਟ, 2017 ਦੀ ਧਾਰਾ 171 ਤਹਿਤ ਕੌਮੀ ਮੁਨਾਫਾਖੋਰੀ ਵਿਰੋਧੀ ਅਥਾਰਿਟੀ (ਐੱਨ ਏ ਏ) ਦੀ ਸਥਾਪਨਾ ਇਹ ਨਿਗਰਾਨੀ ਕਰਨ ਲਈ ਕੀਤੀ ਗਈ ਸੀ ਕਿ ਕੀ ਜੀ ਐੱਸ ਟੀ ਦਰਾਂ ’ਚ ਕਟੌਤੀ ਨਾਲ ਖ਼ਪਤਕਾਰ ਕੀਮਤਾਂ ’ਚ ਕਮੀ ਆਈ ਹੈ ਪਰ ਮੋਦੀ ਸਰਕਾਰ ਨੇ 30 ਸਤੰਬਰ 2024 ਦੀ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਨੂੰ ਪ੍ਰਭਾਵਹੀਣ ਬਣਾ ਦਿੱਤਾ ਹੈ। ਰਮੇਸ਼ ਨੇ ਕਿਹਾ, ‘‘ਇਹ ਇਕ ਪਾਸੇ ‘ਵੋਟ ਚੋਰੀ’ ਅਤੇ ਦੂਜੇ ਪਾਸੇ ‘ਮੁਨਾਫਾਖੋਰੀ’ ਦਾ ਮਾਮਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਜੀ ਐੱਸ ਟੀ ਕਟੌਤੀ ਦਾ ਲਾਭ ਨਹੀਂ ਮਿਲ ਰਿਹਾ ਹੈ।’’