ਜੀਐੱਸਟੀ 2.0 ਦਰਾਂ ਸੋਮਵਾਰ ਤੋਂ ਹੋਣਗੀਆਂ ਲਾਗੂ, ਜਾਣੋ ਕੀ ਹੋਵੇਗਾ ਸਸਤਾ
ਸੋਮਵਾਰ ਤੋਂ ਰਸੋਈ ਦੇ ਜ਼ਰੂਰੀ ਸਾਮਾਨ ਤੋਂ ਲੈ ਕੇ ਇਲੈਕਟ੍ਰਾਨਿਕਸ ਤੱਕ, ਦਵਾਈਆਂ ਅਤੇ ਉਪਕਰਣਾਂ ਤੋਂ ਲੈ ਕੇ ਆਟੋਮੋਬਾਈਲ ਤੱਕ ਦੀਆਂ ਕੀਮਤਾਂ ਸਸਤੀਆਂ ਹੋ ਜਾਣਗੀਆਂ ਕਿਉਂਕਿ ਕਰੀਬ 375 ਵਸਤਾਂ ’ਤੇ ਘਟੀਆਂ GST ਦਰਾਂ ਲਾਗੂ ਹੋਣਗੀਆਂ।
ਖਪਤਕਾਰਾਂ ਨੂੰ ਤੋਹਫ਼ੇ ਵਜੋਂ ਕੇਂਦਰ ਅਤੇ ਰਾਜਾਂ ਦੀ ਸ਼ਮੂਲੀਅਤ ਵਾਲੀ GST ਕੌਂਸਲ ਨੇ ਭਲਕੇ 22 ਸਤੰਬਰ, ਨਵਰਾਤਿਆਂ ਦੇ ਪਹਿਲੇ ਦਿਨ ਤੋਂ- ਵਸਤਾਂ ਤੇ ਸੇਵਾਵਾਂ ’ਤੇ ਟੈਕਸ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ।
ਜੀਐੱਸਟੀ ਦਰਾਂ ਵਿਚ ਕਟੌਤੀ ਨਾਲ ਘਿਓ, ਪਨੀਰ, ਮੱਖਣ, ਨਮਕੀਨ, ਕੈਚੱਪ, ਜੈਮ, ਸੁੱਕੇ ਮੇਵੇ, ਕੌਫੀ ਅਤੇ ਆਈਸ ਕਰੀਮ ਵਰਗੀਆਂ ਜਨਤਕ ਖਪਤ ਵਾਲੀਆਂ ਵਸਤਾਂ ਅਤੇ ਟੀਵੀ, ਏਸੀ, ਵਾਸ਼ਿੰਗ ਮਸ਼ੀਨਾਂ ਵਰਗੀਆਂ ਵਸਤਾਂ ਸਸਤੀ ਹੋਣਗੀਆਂ।
ਜੀਐਸਟੀ ਨੂੰ ਤਰਕ ਸੰਗਤ ਬਣਾਉਣ ਦੇ ਮੱਦੇਨਜ਼ਰ ਵੱਖ-ਵੱਖ ਐੱਫਐੱਮਸੀਜੀ (ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼) ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੀਆਂ ਹਨ। ਜ਼ਿਆਦਾਤਰ ਦਵਾਈਆਂ ਅਤੇ ਫਾਰਮੂਲੇਸ਼ਨਾਂ, ਅਤੇ ਗਲੂਕੋਮੀਟਰ ਅਤੇ ਡਾਇਗਨੌਸਟਿਕ ਕਿੱਟਾਂ ਵਰਗੇ ਮੈਡੀਕਲ ਉਪਕਰਣਾਂ ’ਤੇ ਜੀਐਸਟੀ ਘਟਾ ਕੇ ਪੰਜ ਫੀਸਦ ਕੀਤੇ ਜਾਣ ਨਾਲ ਆਮ ਆਦਮੀ ਲਈ ਦਵਾਈਆਂ ਦੀ ਕੀਮਤ ਘੱਟ ਜਾਵੇਗੀ। ਇਸ ਦੇ ਨਾਲ ਹੀ ਘਰ ਬਣਾਉਣ ਵਾਲਿਆਂ ਨੂੰ ਫਾਇਦਾ ਹੋਵੇਗਾ ਕਿਉਂਕਿ ਸੀਮੈਂਟ ’ਤੇ ਜੀਐਸਟੀ 28 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਜੀਐਸਟੀ ਕਟੌਤੀ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਫਾਰਮੇਸੀਆਂ ਨੂੰ ਆਪਣੀ ਐੱਮਆਰਪੀ ਵਿੱਚ ਸੋਧ ਕਰਨ ਜਾਂ ਘੱਟ ਦਰ ’ਤੇ ਦਵਾਈਆਂ ਵੇਚਣ ਦਾ ਨਿਰਦੇਸ਼ ਦਿੱਤਾ ਹੈ।
ਜੀਐਸਟੀ ਦਰ ਵਿੱਚ ਕਟੌਤੀ ਦੇ ਸਭ ਤੋਂ ਵੱਡੇ ਲਾਭਪਾਤਰੀ ਆਟੋਮੋਬਾਈਲ ਖਰੀਦਦਾਰ ਹਨ ਜਿੱਥੇ ਛੋਟੀਆਂ ਅਤੇ ਵੱਡੀਆਂ ਕਾਰਾਂ ਲਈ ਟੈਕਸ ਦਰਾਂ ਕ੍ਰਮਵਾਰ 18 ਫੀਸਦ ਅਤੇ 28 ਫੀਸਦ ਤੱਕ ਘਟਾ ਦਿੱਤੀਆਂ ਗਈਆਂ ਹਨ।
ਕਈ ਕਾਰ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੀਆਂ ਹਨ।
ਸੇਵਾਵਾਂ ਦੇ ਸਬੰਧ ਵਿੱਚ, ਸੁੰਦਰਤਾ ਅਤੇ ਸਰੀਰਕ ਤੰਦਰੁਸਤੀ ਸੇਵਾਵਾਂ ’ਤੇ ਜੀਐਸਟੀ, ਜਿਸ ਵਿੱਚ ਹੈਲਥ ਕਲੱਬ, ਸੈਲੂਨ, ਨਾਈ, ਫਿਟਨੈਸ ਸੈਂਟਰ, ਯੋਗਾ ਆਦਿ ਦੀਆਂ ਸੇਵਾਵਾਂ ਸ਼ਾਮਲ ਹਨ, ਨੂੰ ਇਨਪੁਟ ਟੈਕਸ ਕ੍ਰੈਡਿਟ (ITC) ਦੇ ਨਾਲ 18 ਫੀਸਦ ਤੋਂ ਘਟਾ ਕੇ ਟੈਕਸ ਕ੍ਰੈਡਿਟ ਤੋਂ ਬਿਨਾਂ 5 ਫੀਸਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ ਜਿਵੇਂ ਕਿ ਵਾਲਾਂ ਦਾ ਤੇਲ, ਟਾਇਲਟ ਸਾਬਣ ਬਾਰ, ਸ਼ੈਂਪੂ, ਟੁੱਥਬ੍ਰਸ਼, ਟੁੱਥਪੇਸਟ ਵੀ ਸਸਤੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ’ਤੇ ਮੌਜਾਂ ਟੈਕਸ 12/18 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ। ਟੈਲਕਮ ਪਾਊਡਰ, ਫੇਸ ਪਾਊਡਰ, ਸ਼ੇਵਿੰਗ ਕਰੀਮ, ਆਫਟਰ-ਸ਼ੇਵ ਲੋਸ਼ਨ ਵਰਗੀਆਂ ਹੋਰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਸਕਦੀ ਹੈ ਕਿਉਂਕਿ ਜੀਐਸਟੀ 18 ਫੀਸਦ ਤੋਂ ਘਟਾ ਕੇ 5 ਫੀਸਦ ਕੀਤਾ ਗਿਆ ਹੈ।
ਭਲਕੇ 22 ਸਤੰਬਰ ਤੋਂ ਲਾਗੂ ਹੋਣ ਵਾਲਾ ਜੀਐਸਟੀ ਇੱਕ ਦੋ-ਪੱਧਰੀ ਢਾਂਚਾ ਹੋਵੇਗਾ ਜਿਸ ਵਿੱਚ ਜ਼ਿਆਦਾਤਰ ਵਸਤਾਂ ਅਤੇ ਸੇਵਾਵਾਂ ’ਤੇ 5 ਤੇ 18 ਫੀਸਦ ਟੈਕਸ ਲੱਗੇਗਾ। ਵਧੇਰੇ ਲਗਜ਼ਰੀ ਵਸਤਾਂ 'ਤੇ 40 ਫੀਸਦ ਟੈਕਸ ਲਗਾਇਆ ਜਾਵੇਗਾ ਜਦੋਂ ਕਿ ਤੰਬਾਕੂ ਅਤੇ ਸਬੰਧਿਤ ਉਤਪਾਦ 28 ਪ੍ਰਤੀਸ਼ਤ ਪਲੱਸ ਸੈੱਸ ਸ਼੍ਰੇਣੀ ਵਿੱਚ ਰਹਿਣਗੇ।
ਮੌਜੂਦਾ ਸਮੇਂ ਵਸਤਾਂ ਤੇ ਸੇਵਾਵਾਂ ਟੈਕਸ (ਜੀਐਸਟੀ) 5, 12, 18 ਅਤੇ 28 ਪ੍ਰਤੀਸ਼ਤ ਦੇ 4 ਸਲੈਬਾਂ ਵਿੱਚ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਲਗਜ਼ਰੀ ਵਸਤਾਂ ਅਤੇ ਨੁਕਸਾਨਦੇਹ ਵਸਤਾਂ ’ਤੇ ਮੁਆਵਜ਼ਾ ਸੈੱਸ ਲਗਾਇਆ ਜਾਂਦਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੀਐਸਟੀ ਸੁਧਾਰਾਂ ਨਾਲ ਅਰਥਚਾਰੇ ਵਿੱਚ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, ਜਿਸ ਨਾਲ ਲੋਕਾਂ ਕੋਲ ਵਧੇਰੇ ਨਕਦੀ ਹੋਵੇਗੀ ਜੋ ਨਹੀਂ ਤਾਂ ਟੈਕਸਾਂ ਵਿੱਚ ਚਲੀ ਜਾਂਦੀ ਹੈ। 12 ਫੀਸਦ ਜੀਐਸਟੀ ਸਲੈਬ ਦੇ ਅਧੀਨ ਕਰੀਬ 99 ਫੀਸਦ ਵਸਤਾਂ ਇਸ ਸਮੇਂ 5 ਫੀਸਦ ਵਿੱਚ ਤਬਦੀਲ ਹੋ ਜਾਣਗੀਆਂ। ਇਸ ਤਬਦੀਲੀ ਦੇ ਨਤੀਜੇ ਵਜੋਂ 28 ਫੀਸਦ ਟੈਕਸ ਸਲੈਬ ਅਧੀਨ 90 ਫੀਸਦ ਵਸਤੂਆਂ 18 ਫੀਸਦ ਬਰੈਕਟ ਵਿੱਚ ਆ ਜਾਣਗੀਆਂ।