ਸੋਨੇ ਦੀਆਂ ਕੀਮਤਾਂ ਵਿਚ ਵਾਧਾ ਜਾਰੀ; 1.21 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਇਆ
Gold breaches Rs 1.21 lakh/10g ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਨਿਤ ਦਿਨ ਨਵੇਂ ਰਿਕਾਰਡ ਤੋੜ ਰਹੀਆਂ ਹਨ। ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 1,100 ਰੁਪਏ ਵਧ ਕੇ 1.21 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਹਨ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ, 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤ 1,100 ਰੁਪਏ ਵਧ ਕੇ 1,21,100 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੀ ਨਵੀਂ ਸਿਖਰ ’ਤੇ ਪਹੁੰਚ ਗਈ ਜੋ ਬੀਤੇ ਦਿਨ 1,20,000 ਰੁਪਏ ਪ੍ਰਤੀ 10 ਗ੍ਰਾਮ ਸੀ।
ਸਥਾਨਕ ਸਰਾਫਾ ਬਾਜ਼ਾਰ ਵਿੱਚ 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 1,100 ਰੁਪਏ ਵਧ ਕੇ 1,20,500 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਜੀਵਨ ਭਰ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਜੋ ਬੀਤੇ ਦਿਨ 1,19,400 ਰੁਪਏ ਪ੍ਰਤੀ 10 ਗ੍ਰਾਮ ਸੀ।
ਹਾਲਾਂਕਿ ਚਾਂਦੀ ਦੀਆਂ ਕੀਮਤਾਂ 1,50,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਸਥਿਰ ਰਹੀਆਂ। ਵਪਾਰੀਆਂ ਨੇ ਕਿਹਾ ਕਿ ਕਮਜ਼ੋਰ ਲੇਬਰ ਮਾਰਕੀਟ ਨੇ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ, ਜਿਸ ਨਾਲ ਸਰਾਫਾ ਕੀਮਤਾਂ ਨੂੰ ਹੋਰ ਸਮਰਥਨ ਮਿਲੇਗਾ।
ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਤੇ ਚਾਂਦੀ ਲਗਪਗ 2 ਪ੍ਰਤੀਸ਼ਤ ਵਧ ਕੇ 47.56 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿਚ ਪੀਲੀ ਧਾਤ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪੀਟੀਆਈ