Gold Price: ਸੋਨੇ ਦੀ ਕੀਮਤ ਵਿੱਚ ਮੁੜ ਰਿਕਾਰਡ ਵਾਧਾ, ਜਾਣੋ ਕੀ ਹੈ ਵਾਇਦਾ ਮਾਰਕੀਟ ਦਾ ਭਾਅ
ਮਜ਼ਬੂਤ ਮੰਗ ਦੇ ਵਿਚਕਾਰ ਤਾਜ਼ਾ ਸੌਦਿਆਂ ਕਾਰਨ ਵਾਇਦਾ ਕਾਰੋਬਾਰ ਵਿੱਚ ਸੋਨੇ ਦੀ ਕੀਮਤ ਸੋਮਵਾਰ ਨੂੰ 1,23,977 ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ-ਚੀਨ ਵਪਾਰ ਤਣਾਅ ਦੇ ਫਿਰ ਤੋਂ ਵਧਣ, ਅਮਰੀਕੀ ਪ੍ਰਸ਼ਾਸਨ ਵਿੱਚ ਜਾਰੀ ਰੁਕਾਵਟ ਅਤੇ ਵਧ ਰਹੀ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਸੁਰੱਖਿਅਤ ਨਿਵੇਸ਼ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਮਲਟੀ ਕਮੋਡਿਟੀ ਐਕਸਚੇਂਜ (ਐੱਮਸੀਐਕਸ) ਵਿੱਚ ਦਸੰਬਰ ਵਿੱਚ ਸਪਲਾਈ ਵਾਲੇ ਇਕਰਾਰਨਾਮਿਆਂ ਦੇ ਸੋਨੇ ਦਾ ਭਾਅ 2,613 ਜਾਂ 2.15 ਫੀਸਦੀ ਦੇ ਵਾਧੇ ਨਾਲ 1,23,977 ਪ੍ਰਤੀ 10 ਗ੍ਰਾਮ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ।
ਫਰਵਰੀ 2026 ਵਿੱਚ ਸਪਲਾਈ ਵਾਲੇ ਸੋਨੇ ਦੇ ਇਕਰਾਰਨਾਮਿਆਂ ਦੀ ਕੀਮਤ 2,296 ਯਾਨੀ 1.87 ਫੀਸਦੀ ਚੜ੍ਹ ਕੇ 1,24,999 ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਇਹ ਇਕਰਾਰਨਾਮਾ ਵੀਰਵਾਰ ਨੂੰ 1,25,025 ਪ੍ਰਤੀ 10 ਗ੍ਰਾਮ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਇਸ ਦੌਰਾਨ ਚਾਂਦੀ ਵਿੱਚ ਵੀ ਤੇਜ਼ੀ ਦੇਖੀ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮਸੀਐਕਸ) ਵਿੱਚ ਦਸੰਬਰ ਵਿੱਚ ਸਪਲਾਈ ਵਾਲੇ ਚਾਂਦੀ ਦੇ ਵਾਇਦਾ ਇਕਰਾਰਨਾਮਿਆਂ ਦੀ ਕੀਮਤ 5,856 ਜਾਂ ਚਾਰ ਫੀਸਦੀ ਦੇ ਵਾਧੇ ਨਾਲ 1,52,322 ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਇਸ ਦੀ ਕੀਮਤ ਵੀਰਵਾਰ ਨੂੰ ਸਰਵਕਾਲੀ ਉੱਚ ਪੱਧਰ 1,53,388 ਪ੍ਰਤੀ ਕਿਲੋਗ੍ਰਾਮ ਰਹੀ ਸੀ।
ਇਸੇ ਤਰ੍ਹਾਂ ਮਾਰਚ 2026 ਵਿੱਚ ਸਪਲਾਈ ਵਾਲੇ ਚਾਂਦੀ ਦੇ ਵਾਇਦਾ ਇਕਰਾਰਨਾਮਿਆਂ ਦੀ ਕੀਮਤ 4,992 ਜਾਂ 3.39 ਫੀਸਦ ਦੇ ਵਾਧੇ ਨਾਲ 1,52,011 ਪ੍ਰਤੀ ਕਿਲੋਗ੍ਰਾਮ ਰਹੀ। ਪੀਟੀਆਈ