ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 700 ਰੁਪਏ ਵਧ ਕੇ 1,24,000 ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਵਿੱਚ ਫੰਡਾਂ ਦੇ ਵਿਵਾਦ ਕਰਕੇ ਵੱਖ-ਵੱਖ ਵਿਭਾਗਾਂ ਵਿੱਚ ਕੰਮਕਾਜ ਠੱਪ ਹੋਣ ਅਤੇ ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀਆਂ ਵਧਦੀਆਂ ਸੰਭਾਵਨਾਵਾਂ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ ਸਥਾਨਕ ਸਰਾਫ਼ਾ ਬਾਜ਼ਾਰ ਵਿੱਚ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 700 ਰੁਪਏ ਵਧ ਕੇ 1,23,400 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਹਾਲਾਂਕਿ ਸੋਨੇ ਦੇ ਉਲਟ ਚਾਂਦੀ 3,400 ਰੁਪਏ ਸਸਤੀ ਹੋ ਕੇ 1,54,000 ਰੁਪਏ ਪ੍ਰਤੀ ਕਿਲੋ ਹੋ ਗਈ ਹੈ।