ਪੈਟਰੋਲ ਵਿੱਚ ਈਥਾਨੌਲ: ਮੇਰੇ ਫੈਸਲਿਆਂ ਤੋਂ ਨਾਰਾਜ਼ ਤਾਕਤਵਰ ਲਾਬੀ ਲਵਾ ਰਹੀ ਖ਼ਬਰਾਂ: ਗਡਕਰੀ
ਗਡਕਰੀ ਨੇ ਪੈਟਰੋਲ ਵਿੱਚ ਈਥਾਨੌਲ ਮਿਲਾਉਣ ਦੇ ਸਬੰਧ ਵਿੱਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਵਿਵਾਦ ਵਿੱਚ ਪੈਣ ਤੋਂ ਇਨਕਾਰ ਕੀਤਾ
ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਪੈਟਰੋਲ ਈਥਾਨੌਲ ਮਿਲਾਉਣ ਦੇ ਸਬੰਧ ਵਿੱਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਵਿਵਾਦ ਵਿੱਚ ਪੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਫੈਸਲਿਆਂ ਤੋਂ ਨਾਰਾਜ਼ ਹੋਈ ਇੱਕ ਸ਼ਕਤੀਸ਼ਾਲੀ ਦਰਾਮਦ (import) ਲਾਬੀ ਦਾ ਕੰਮ ਹੈ।
ਇੱਥੇ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਮੰਤਰੀ ਨੇ ਆਪਣੀ ਤੁਲਨਾ ‘ਫਲ ਦੇਣ ਵਾਲੇ ਦਰੱਖਤ’ ਨਾਲ ਕੀਤੀ ਅਤੇ ਕਿਹਾ, "ਮੈਂ ਅਜਿਹੀਆਂ ਆਲੋਚਨਾਵਾਂ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਫਿਰ ਇਹ ਖ਼ਬਰ ਬਣ ਜਾਂਦੀ ਹੈ। ਉਹ ਦਰੱਖਤ, ਜਿਸ ਨੂੰ ਲੋਕ ਪੱਥਰ ਮਾਰਦੇ ਹਨ, ਉਹ ਹੀ ਹੈ ਜੋ ਫਲ ਦਿੰਦਾ ਹੈ। ਬਿਹਤਰ ਹੈ ਕਿ ਅਸੀਂ ਇਸ ਤੋਂ ਬਚੀਏ।’’
ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਨੀਤੀ ਦਾ ਮੁੱਖ ਉਦੇਸ਼ ਈਥਾਨੌਲ ਮਿਲਾਉਣ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਨੂੰ ਊਰਜਾ ਉਤਪਾਦਕ ਬਣਾਉਣਾ ਅਤੇ ਪ੍ਰਦੂਸ਼ਣ ਘਟਾਉਣਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਨੀਤੀ ਨੇ ਜੈਵਿਕ ਈਂਧਨ ਦੀ ਦਰਾਮਦ ਵਿੱਚ ਨਿੱਜੀ ਹਿੱਤ ਰੱਖਣ ਵਾਲਿਆਂ ਨੂੰ ਸਿੱਧੇ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ।
ਮੰਤਰੀ ਨੇ ਕਿਹਾ, ‘‘ਜੈਵਿਕ ਈਂਧਨ ਦੀ ਦਰਾਮਦ ਕਾਰਨ ਦੇਸ਼ ਵਿੱਚੋਂ ਲਗਪਗ 22 ਲੱਖ ਕਰੋੜ ਬਾਹਰ ਜਾ ਰਹੇ ਸਨ। ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਅਤੇ ਉਹ ਗੁੱਸੇ ਹੋ ਗਏ ਤੇ ਮੇਰੇ ਖਿਲਾਫ਼ ਪੈਸੇ ਦੇ ਕੇ ਖ਼ਬਰਾਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਮੈਂ ਅੱਜ ਤੱਕ ਕਿਸੇ ਵੀ ਠੇਕੇਦਾਰ ਤੋਂ ਇੱਕ ਵੀ ਪੈਸਾ ਨਹੀਂ ਲਿਆ ਹੈ ਅਤੇ ਇਸ ਲਈ ਠੇਕੇਦਾਰ ਮੇਰੇ ਤੋਂ ਡਰਦੇ ਹਨ।’’
ਗਡਕਰੀ ਨੇ ਕਿਹਾ ਕਿ ਉਹ ਆਪਣੇ ਕੰਮ 'ਤੇ ਧਿਆਨ ਕੇਂਦ੍ਰਿਤ ਕਰਨਗੇ ਅਤੇ ਝੂਠੇ ਦੋਸ਼ਾਂ ਤੋਂ ਭਟਕਣਗੇ ਨਹੀਂ।
ਵਿਵਾਦ ਦੇ ਕੇਂਦਰ ਵਿੱਚ ਗਡਕਰੀ ਦੇ ਪੁੱਤਰ ਕੰਪਨੀ
ਕੇਂਦਰੀ ਮੰਤਰੀ ਦੇ ਪੁੱਤਰ ਨਿਖਿਲ ਗਡਕਰੀ ਵੱਲੋਂ ਚਲਾਈ ਜਾਂਦੀ ਕੰਪਨੀ CIAN ਐਗਰੋ ਇੰਡਸਟਰੀਜ਼, ਉਸ ਸਮੇਂ ਤੋਂ ਵਿਵਾਦਾਂ ਦੇ ਕੇਂਦਰ ਵਿੱਚ ਰਹੀ ਹੈ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪੈਟਰੋਲ ਵਿੱਚ 20 ਫੀਸਦੀ ਈਥਾਨੌਲ ਮਿਲਾਉਣਾ ਲਾਜ਼ਮੀ ਕੀਤਾ ਹੈ, ਜਿਸ ਕਾਰਨ ਕੰਪਨੀ ਦੇ ਮੁਨਾਫ਼ੇ ਅਤੇ ਮਾਲੀਏ ਵਿੱਚ ਨਾਟਕੀ ਵਾਧਾ ਹੋਇਆ ਹੈ।
ਕੰਪਨੀ ਦਾ ਮਾਲੀਆ (Q1 FY24) ਵਿੱਚ ₹17.47 ਕਰੋੜ ਤੋਂ ਵੱਧ ਕੇ (Q1 FY26) ਵਿੱਚ ₹510.8 ਕਰੋੜ ਹੋ ਗਿਆ। ਮੁਨਾਫ਼ਾ ਵੀ ਲਗਪਗ ਨਾ-ਮਾਤਰ ਪੱਧਰ ਤੋਂ ਵਧ ਕੇ ₹52 ਕਰੋੜ ਤੋਂ ਵੱਧ ਹੋ ਗਿਆ, ਜਿਸਦਾ ਮੁੱਖ ਕਾਰਨ ਈਥਾਨੌਲ ਮਿਲਾਉਣ ਦਾ ਉਛਾਲ ਅਤੇ ਨਵੀਆਂ ਸਹਾਇਕ ਕੰਪਨੀਆਂ ਵਿੱਚ ਵਿਸਥਾਰ ਹੈ।
CIAN ਐਗਰੋ ਦੇ ਸ਼ੇਅਰ ਦੀ ਕੀਮਤ ਵੀ ਇੱਕ ਸਾਲ ਪਹਿਲਾਂ ₹172 ਤੋਂ ਵਧ ਕੇ ਸੋਮਵਾਰ ਨੂੰ ਬੀਐੱਸਈ (BSE) ’ਤੇ ₹2,023 ਤੱਕ ਪਹੁੰਚ ਗਈ। ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਇਹ ਵਾਧਾ ਸਿਰਫ਼ ਈਥਾਨੌਲ ਦੀ ਵਿਕਰੀ ਤੋਂ ਹੀ ਨਹੀਂ, ਸਗੋਂ "ਹੋਰ ਆਮਦਨ" ਅਤੇ ਨਵੇਂ ਕਾਰੋਬਾਰਾਂ ਤੋਂ ਵੀ ਹੈ।