ਈਡੀ ਨੇ ਰਿਲਾਇੰਸ ਗਰੁੱਪ ਦੇ ਖ਼ਿਲਾਫ਼ ਪੀ ਐੱਮ ਐੱਲ ਏ ਕੇਸ ਵਿੱਚ ਨਵੀਂ ਜਾਇਦਾਦ ਕੁਰਕ ਕੀਤੀ
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਦੇ ਖ਼ਿਲਾਫ਼ ਆਪਣੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 1,120 ਕਰੋੜ ਰੁਪਏ ਦੀਆਂ ਨਵੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਰਿਲਾਇੰਸ ਸੈਂਟਰ, ਫਿਕਸਡ ਡਿਪਾਜ਼ਿਟ, ਬੈਂਕ ਬੈਲੈਂਸ ਅਤੇ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ ਅਨਕੋਟਿਡ (unqouted) ਨਿਵੇਸ਼ਾਂ ਵਿੱਚ ਸ਼ੇਅਰਹੋਲਡਿੰਗ ਸਮੇਤ ਅਠਾਰਾਂ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ. - PMLA) ਦੇ ਤਹਿਤ ਆਰਜ਼ੀ ਤੌਰ ’ਤੇ ਕੁਰਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਿਲਾਇੰਸ ਇਨਫਰਾਸਟਰੱਕਚਰ ਲਿਮਟਿਡ ਦੀਆਂ ਸੱਤ ਹੋਰ ਜਾਇਦਾਦਾਂ, ਰਿਲਾਇੰਸ ਪਾਵਰ ਲਿਮਟਿਡ ਦੀਆਂ ਦੋ ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸ ਪ੍ਰਾਈਵੇਟ ਲਿਮਟਿਡ ਦੀਆਂ ਨੌਂ ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸ ਪ੍ਰਾਈਵੇਟ ਲਿਮਟਿਡ, ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਫਾਈ ਮੈਨੇਜਮੈਂਟ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਆਧਾਰ ਪ੍ਰਾਪਰਟੀ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ, ਗੇਮਸਾ ਇਨਵੈਸਟਮੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਫਿਕਸਡ ਡਿਪਾਜ਼ਿਟ ਅਤੇ ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਅਤੇ ਫਾਈ ਮੈਨੇਜਮੈਂਟ ਸੋਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਅਨਕੋਟਿਡ ਨਿਵੇਸ਼ ਵਿੱਚ ਕੀਤੇ ਗਏ ਨਿਵੇਸ਼ਾਂ ਨੂੰ ਵੀ ਕੁਰਕ ਕੀਤਾ ਗਿਆ ਹੈ।
ਈਡੀ ਨੇ ਪਹਿਲਾਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰਕੌਮ - RCOM), ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ, ਅਤੇ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ ਨਾਲ ਸਬੰਧਤ ਬੈਂਕ ਧੋਖਾਧੜੀ ਦੇ ਮਾਮਲਿਆਂ ਵਿੱਚ 8,997 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ।
ਰਿਲਾਇੰਸ ਗਰੁੱਪ ਦੇ ਖ਼ਿਲਾਫ਼ ਇਸ ਮਾਮਲੇ ਵਿੱਚ ਕੁੱਲ ਕੁਰਕੀ ਹੁਣ 10,117 ਕਰੋੜ ਰੁਪਏ ਹੋ ਗਈ ਹੈ। -ਪੀਟੀਆਈ
