ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ
ਘਰੇਲੂ ਸ਼ੇਅਰ ਬਾਜ਼ਾਰਾਂ, ਸੈਂਸੈਕਸ ਅਤੇ ਨਿਫਟੀ ਵਿਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਜਾਰੀ ਰਹੀ। ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ 201.23 ਅੰਕ ਵਧ ਕੇ 81,974.89 ’ਤੇ ਜਦੋਂ ਕਿ ਐੱਨਐੱਸਈ ਨਿਫਟੀ 63.5 ਅੰਕ ਵਧ ਕੇ 25,109.65 ’ਤੇ ਪਹੁੰਚ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਟਾਟਾ ਸਟੀਲ, ਐਚਸੀਐਲ ਟੈਕ, ਸਨ ਫਾਰਮਾ, ਈਟਰਨਲ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਇਨਫੋਸਿਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ, ਪਾਵਰ ਗਰਿੱਡ, ਬਜਾਜ ਫਾਇਨਾਂਸ, ਟਾਈਟਨ ਅਤੇ ਐਨਟੀਪੀਸੀ ਵਿੱਚ ਗਿਰਾਵਟ ਆਈ। ਏਸ਼ਿਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 225 ਵਧਿਆ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਡਿੱਗ ਗਿਆ।
ਚੀਨ ਅਤੇ ਦੱਖਣੀ ਕੋਰੀਆ ਦੇ ਬਾਜ਼ਾਰ ਛੁੱਟੀਆਂ ਲਈ ਬੰਦ ਹਨ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.50 ਫੀਸਦ ਡਿੱਗ ਕੇ $65.92 ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਬੁੱਧਵਾਰ ਨੂੰ 81.21 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਤਿੰਨ ਪੈਸੇ ਟੁੱਟ ਕੇ 88.78 ਪ੍ਰਤੀ ਡਾਲਰ ਨੂੰ ਪਹੁੰਚ ਗਿਆ। ਹਾਲਾਂਕਿ ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਇਕੁਇਟੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨਾਂ ਨੇ ਹੇਠਲੇ ਪੱਧਰ ’ਤੇ ਰੁਪਏ ਨੂੰ ਸਮਰਥਨ ਦਿੱਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ 88.76 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਫਿਰ 88.78 ’ਤੇ ਡਿੱਗ ਗਿਆ, ਜੋ ਕਿ ਇਸ ਦੇ ਪਿਛਲੇ ਬੰਦ ਤੋਂ ਤਿੰਨ ਪੈਸੇ ਦੀ ਗਿਰਾਵਟ ਹੈ। ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪੱਈਆ 88.75 ’ਤੇ ਬੰਦ ਹੋਇਆ ਸੀ।
