ਸ਼ੇਅਰ ਬਾਜ਼ਾਰ ਰਿਕਾਰਡ 86000 ਦੇ ਅੰਕੜੇ ਨੂੰ ਪਾਰ
ਅਮਰੀਕੀ ਸੰਘੀ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਦੀ ਵਧਦੀ ਆਸ ਤੇ ਵਿਦੇਸ਼ੀ ਪੂੰਜੀ ਨਿਵੇਸ਼ ਦਰਮਿਆਨ ਅਨੁਕੂਲ ਆਲਮੀ ਰੁਝਾਨਾਂ ਕਰਕੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਵੀਰਵਾਬ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਜਾਰੀ ਰਹੀ। ਸੈਂਸੈਕਸ ਤੇ ਨਿਫਟੀ ਆਪਣੇ ਨਵੇਂ ਰਿਕਾਰਡ ਪੱਧਰ ’ਤੇ ਪੁੱਜ ਗਏ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 416.67 ਅੰਕਾਂ ਦੀ ਸ਼ੂਟ ਵਟ ਕੇ 86,026.18 ਦੇ ਰਿਕਾਰਡ ਪੱਧਰ ’ਤੇ ਅਤੇ ਐੱਨਐੱਸਈ ਦਾ ਨਿਫਟੀ 90.25 ਅੰਕਾਂ ਦੇ ਵਾਧੇ ਨਾਲ 26,295.55 ਅੰਕਾਂ ਦੇ ਸਿਖਰਲੇ ਪੱਧਰ ਨੂੰ ਪਹੁੰਚ ਗਿਆ। ਨਿਫਟੀ ਨੇ ਇਸ ਤੋਂ ਪਹਿਲਾਂ 27 ਸਤੰਬਰ 2024 ਨੂੰ ਕਾਰੋਬਾਰ ਦੌਰਾਨ 26,277 ਅੰਕਾਂ ਦੇ ਪੱਧਰ ਨੂੰ ਛੂਹਿਆ ਸੀ।
ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਬਜਾਜ ਫਾਇਨਾਂਸ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਜਦੋਂ ਕਿ, ਈਟਰਨਲ, ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ ਅਤੇ ਮਾਰੂਤੀ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਜ਼ੋਨ ਵਿੱਚ ਰਹੇ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਵਾਧੇ ਨਾਲ ਬੰਦ ਹੋਏ ਸਨ। ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.48 ਫੀਸਦ ਦੀ ਗਿਰਾਵਟ ਨਾਲ $62.83 ਪ੍ਰਤੀ ਬੈਰਲ 'ਤੇ ਸੀ।
