ਵਪਾਰਕ ਐੱਲ ਪੀ ਜੀ ਸਿਲੰਡਰ ਮਹਿੰਗਾ ਹੋਇਆ
ਤੇਲ ਕੰਪਨੀਆਂ ਨੇ ਆਲਮੀ ਕੀਮਤਾਂ ’ਤੇ ਨਜ਼ਰਸਾਨੀ ਮਗਰੋਂ ਹਵਾਈ ਜਹਾਜ਼ਾਂ ਲਈ ਵਰਤੇ ਜਾਂਦੇ ਏਵੀਏਸ਼ਨ ਟਰਬਾਈਨ ਈਂਧਣ (ਏ ਟੀ ਐੱਫ) ਦੀ ਕੀਮਤ ਵਿਚ 3 ਫੀਸਦ ਤੋਂ ਵੱਧ ਅਤੇ ਵਪਾਰਕ ਐੱਲ ਪੀ ਜੀ ਦੇ ਭਾਅ ’ਚ ਪ੍ਰਤੀ ਸਿਲੰਡਰ 15.50 ਰੁਪਏ ਦਾ ਇਜ਼ਾਫ਼ਾ ਕੀਤਾ ਹੈ। ਸਰਕਾਰੀ ਮਾਲਕੀ ਵਾਲੇ ਈਂਧਣ ਪ੍ਰਚੂਨ ਵਿਕਰੇਤਾਵਾਂ ਅਨੁਸਾਰ ਕੌਮੀ ਰਾਜਧਾਨੀ ਵਿੱਚ ਜੈੱਟ ਫਿਊਲ (ਏ ਟੀ ਐੱਫ) ਦੀ ਕੀਮਤ 3,052.5 ਰੁਪਏ ਪ੍ਰਤੀ ਕਿਲੋਲਿਟਰ, ਜਾਂ 3.3 ਫੀਸਦ ਦੇ ਵਾਧੇ ਨਾਲ 93,766.02 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ। ਇਹ ਵਾਧਾ ਪਿਛਲੇ ਮਹੀਨੇ 1.4 ਫੀਸਦ (1,308.41 ਰੁਪਏ ਪ੍ਰਤੀ ਕਿਲੋਲਿਟਰ) ਦੀ ਕਟੌਤੀ ਕੀਤੇ ਜਾਣ ਤੋਂ ਬਾਅਦ ਆਇਆ ਹੈ। ਕੀਮਤਾਂ ਵਿਚ ਵਾਧੇ ਨਾਲ ਕਮਰਸ਼ੀਅਲ ਏਅਰਲਾਈਨਾਂ ਦੀ ਸੰਚਾਲਨ ਲਾਗਤ ਕਰੀਬ 40 ਫੀਸਦ ਵਧ ਜਾਵੇਗੀ। ਕੀਮਤਾਂ ’ਚ ਬਦਲਾਅ ਬਾਰੇ ਏਅਰਲਾਈਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੀ ਜਾਣ ਵਾਲੀ ਵਪਾਰਕ ਐੱਲ ਪੀ ਜੀ ਦੀ ਕੀਮਤ ਵਿੱਚ 15.50 ਰੁਪਏ ਦਾ ਵਾਧਾ ਕੀਤਾ ਹੈ। 19 ਕਿਲੋਗ੍ਰਾਮ ਦੇ ਵਪਾਰਕ ਐੱਲ ਪੀ ਜੀ ਸਿਲੰਡਰ ਦੀ ਕੀਮਤ ਹੁਣ ਕੌਮੀ ਰਾਜਧਾਨੀ ਵਿੱਚ 1,595.50 ਰੁਪਏ ਹੈ।