ਕੇਂਦਰ ਸਰਕਾਰ ਨੇ ਅੱਜ ਕੁਝ ਖਾਸ ਕਿਸਮ ਦੇ ਚਾਂਦੀ ਦੇ ਗਹਿਣਿਆਂ ਦੀ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਪਾਬੰਦੀ 31 ਮਾਰਚ 2026 ਤੱਕ ਲਾਗੂ ਰਹੇਗੀ।ਇਸ ਕਦਮ ਦਾ ਮਕਸਦ ਥਾਈਲੈਂਡ ਤੋਂ ‘ਬਿਨਾਂ ਜੜੇ ਗਹਿਣਿਆਂ’ ਦੇ ਨਾਂ ’ਤੇ ਹੋ ਰਹੀ ਚਾਂਦੀ ਦੀ ਦਰਾਮਦ ਨੂੰ ਰੋਕਣਾ ਹੈ। ਭਾਰਤ ਦਾ ਆਸੀਆਨ (ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ) ਨਾਲ ਮੁਕਤ ਵਪਾਰ ਸਮਝੌਤਾ ਹੈ ਅਤੇ ਥਾਈਲੈਂਡ ਵੀ ਇਸ 10 ਦੇਸ਼ਾਂ ਦੇ ਗਰੁੱਪ ਦਾ ਮੈਂਬਰ ਹੈ।ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ ਜੀ ਐੱਫ ਟੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਅਨੁਸਾਰ, ‘ਦਰਾਮਦ ਨੀਤੀ ਨੂੰ 31 ਮਾਰਚ 2026 ਤੱਕ ਲਈ ਸੋਧਿਆ ਗਿਆ ਹੈ। ਇਸ ਤਹਿਤ ਇਨ੍ਹਾਂ ਵਸਤਾਂ ਨੂੰ ਤੁਰੰਤ ਪ੍ਰਭਾਵ ਨਾਲ ‘ਮੁਕਤ’ ਸ਼੍ਰੇਣੀ ਤੋਂ ਹਟਾ ਕੇ ‘ਪਾਬੰਦੀਸ਼ੁਦਾ’ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।’ ਪਾਬੰਦੀਸ਼ੁਦਾ ਸ਼੍ਰੇਣੀ ਤਹਿਤ ਆਉਣ ਵਾਲੇ ਸਾਮਾਨ ਲਈ ਸਰਕਾਰ ਤੋਂ ਲਾਇਸੈਂਸ ਲੈਣ ਦੀ ਲੋੜ ਹੁੰਦੀ ਹੈ।