ਐਪਲ ਵੱਲੋਂ ਆਈਫੋਨ-17 ਲਾਂਚ, ਭਾਰਤ ਵਿਚ 19 ਸਤੰਬਰ ਤੋਂ ਉਪਲਬਧ ਹੋਣਗੇ ਫੋਨ
ਐਪਲ ਨੇ ਆਈਫੋਨ-17 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 82,900 ਰੁਪਏ ਤੋਂ ਲੈ ਕੇ 2,29,900 ਰੁਪਏ ਤੱਕ ਹੈ। ਆਈਫੋਨ 17 ਲੜੀ ਦੇ ਫੋਨ 19 ਸਤੰਬਰ ਤੋਂ ਭਾਰਤ ਵਿੱਚ ਉਪਲੱਬਧ ਹੋਣਗੇ।
ਇਸ ਤੋਂ ਇਲਾਵਾ ਐਪਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ- ਆਈਫੋਨ ਏਅਰ ਸੀਰੀਜ਼ ਵੀ ਪੇਸ਼ ਕੀਤਾ ਹੈ। ਇਸ ਦੀ ਮੋਟਾਈ ਸਿਰਫ 5.6 ਮਿਲੀਮੀਟਰ ਹੈ ਅਤੇ ਜੋ ਸਿਰਫ eSIM ਨੂੰ ਸਪੋਰਟ ਕਰੇਗੀ। ਕੰਪਨੀ ਨੇ ਨਵੇਂ ਆਈਫੋਨ ਮਾਡਲ ਵਿੱਚ 128 ਜੀਬੀ ਦੀ ਘੱਟ ਸਟੋਰੇਜ ਸਮਰੱਥਾ ਦੇ ਵਿਕਲਪ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਬੇਸ ਮਾਡਲ ਦੀ ਕੀਮਤ ਵੀ ਆਈਫੋਨ-16 ਸੀਰੀਜ਼ ਨਾਲੋਂ ਵੱਧ ਹੋ ਗਈ ਹੈ।
ਆਈਫੋਨ 17 ਪ੍ਰੋ ਦੁੱਗਣੇ ਸਟੋਰੇਜ ਵਿਕਲਪਾਂ 256 ਜੀਬੀ, 512 ਜੀਬੀ ਅਤੇ 1 ਟੀਬੀ ਵਿੱਚ ਉਪਲਬਧ ਹੋਵੇਗਾ। ਆਈਫੋਨ 17 ਪ੍ਰੋ ਮੈਕਸ 256 ਜੀਬੀ, 512 ਜੀਬੀ, ਇੱਕ ਟੀਬੀ ਅਤੇ ਪਹਿਲੀ ਵਾਰ, ਦੋ ਟੀਬੀ ਸਟੋਰੇਜ ਸਮਰੱਥਾ ਵਿੱਚ ਉਪਲਬਧ ਹੋਵੇਗਾ। ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਕਿਹਾ, ‘‘ਆਈਫੋਨ 17 ਪ੍ਰੋ ਹੁਣ ਤੱਕ ਦਾ ਸਭ ਤੋਂ ਉੱਨਤ ਆਈਫੋਨ ਹੈ, ਜਿਸ ਵਿਚ ਆਕਰਸ਼ਕ ਨਵਾਂ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਸਮਰੱਥਾਵਾਂ ਹਨ।’’
ਕੰਪਨੀ ਨੇ ਐਪਲ ਵਾਚ 3 ਅਲਟਰਾ ਵੀ ਲਾਂਚ ਕੀਤੀ ਜਿਸ ਵਿੱਚ ਬਿਲਟ-ਇਨ ਸੈਟੇਲਾਈਟ ਸੰਚਾਰ ਹਨ ਜੋ ਉਪਭੋਗਤਾਵਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਟੈਕਸਟ ਕਰਨ, ਦੋਸਤਾਂ ਅਤੇ ਪਰਿਵਾਰ ਨੂੰ ਸੈਲੂਲਰ ਨੈੱਟਵਰਕ ਤੋਂ ਬਾਹਰ ਹੋਣ 'ਤੇ ਵੀ ਸੁਨੇਹਾ ਭੇਜਣ ਅਤੇ ਆਪਣੀ ਸਥਿਤੀ ਸਾਂਝੀ ਕਰਨ ਦੀ ਆਗਿਆ ਦੇਵੇਗਾ। ਕੰਪਨੀ ਨੇ ਐਪਲ ਵਾਚ ਅਲਟਰਾ 3, ਜਿਸ ਦੀ ਕੀਮਤ 89,900 ਰੁਪਏ ਰੱਖੀ ਗਈ ਹੈ, ਲਈ ਪ੍ਰੀ-ਆਰਡਰ ਖੋਲ੍ਹ ਦਿੱਤੇ ਹਨ, ਅਤੇ ਇਹ 19 ਸਤੰਬਰ ਤੋਂ ਭਾਰਤ ਵਿੱਚ ਉਪਲਬਧ ਹੋਵੇਗੀ।