ਏਅਰ ਇੰਡੀਆ ਦੀ ਜ਼ਿਊਰਿਖ-ਦਿੱਲੀ ਉਡਾਣ ਰੱਦ
ਏਅਰ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ 17 ਅਗਸਤ ਦੀ ਆਪਣੀ ਜ਼ਿਊਰਿਖ-ਦਿੱਲੀ ਉਡਾਣ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਹੈ। ਹਾਲਾਂਕਿ, ਜਹਾਜ਼ ਵਿੱਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਉਡਾਣ ਭਰਨ ਤੋਂ ਠੀਕ ਪਹਿਲਾਂ ਇੰਜਣ ਵਿੱਚ ਸਮੱਸਿਆ ਆਉਣ ਕਾਰਨ ਇਸ ਸੇਵਾ ਨੂੰ ਰੱਦ ਕਰ ਦਿੱਤਾ ਗਿਆ। ਕੁਝ ਦਿਨ ਪਹਿਲਾਂ ਹੀ ਟਾਟਾ ਸਮੂਹ ਦੀ ਮਲਕੀਅਤ ਵਾਲੀ ਇਸ ਜਹਾਜ਼ ਕੰਪਨੀ ਨੇ ਕਿਹਾ ਸੀ ਕਿ ਉਸ ਨੇ ਆਪਣੇ ਬੋਇੰਗ 787 ਜਹਾਜ਼ਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਅਤੇ ਉਸ ਨੂੰ ਇਨ੍ਹਾਂ ਵਿੱਚ ਕੋਈ ਖਾਮੀ ਨਹੀਂ ਮਿਲੀ।
ਪਿਛਲੇ ਦੋ ਦਿਨਾਂ ਵਿੱਚ ਏਅਰ ਇੰਡੀਆ ਨੇ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ ਵਿੱਚ ਇਕ ਕੌਮਾਂਤਰੀ ਉਡਾਣ ਸਣੇ ਘੱਟੋ-ਘੱਟ ਦੋ ਉਡਾਣਾਂ ਰੱਦ ਕੀਤੀਆਂ ਹਨ। ਏਅਰ ਇੰਡੀਆ ਯੂਰੋਪੀ ਦੇਸ਼ਾਂ ਲਈ ਆਪਣੇ ਬੋਇੰਗ 787-8 ਅਤੇ 787-9 ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ।
ਏਅਰ ਇੰਡੀਆ ਨੇ ਇਕ ਬਿਆਨ ਵਿੱਚ ਕਿਹਾ, ‘‘ਜ਼ਿਊਰਿਖ ਤੋਂ ਦਿੱਲੀ ਲਈ 17 ਅਗਸਤ ਨੂੰ ਨਿਰਧਾਰਤ ਉਡਾਣ ਏਆਈ152 ਤਕਨੀਕੀ ਕਾਰਨਾਂ ਅਤੇ ਬਾਅਦ ਵਿੱਚ ਜ਼ਿਊਰਿਖ ’ਚ ਰਾਤ ਦੇ ਕਰਫਿਊ ਕਾਰਨ ਰੱਦ ਕਰ ਦਿੱਤੀ ਗਈ।’’ ਹਵਾਈ ਕੰਪਨੀ ਨੇ ਦੱਸਿਆ ਕਿ ਉਸ ਨੇ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੀਆਂ ਉਡਾਣਾਂ ਮੁਹੱਈਆ ਕਰਵਾਈਆਂ ਹਨ ਅਤੇ ਉਹ ਯਾਤਰੀਆਂ ਨੂੰ ਹੋਟਲ ਵਿੱਚ ਠਹਿਰਾਉਣ ਦੀ ਸੁਵਿਧਾ ਵੀ ਦੇ ਰਹੀ ਹੈ। ਨਾਲ ਹੀ, ਉਡਾਣ ਰੱਦ ਹੋਣ ’ਤੇ ਪੂਰਾ ਕਿਰਾਇਆ ਵਾਪਸ ਕਰਨ ਦਾ ਬਦਲ ਵੀ ਦਿੱਤਾ ਜਾ ਰਿਹਾ ਹੈ। ਇਕ ਯਾਤਰੀ ਨੇ ‘ਐਕਸ’ ਉੱਤੇ ਪੋਸਟ ਪਾ ਕੇ ਕਿਹਾ, ‘‘ਇੰਜਣ ਵਿੱਚ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਏਅਰ ਇੰਡੀਆ ਦੀ ਜ਼ਿਊਰਿਖ-ਦਿੱਲੀ ਉਡਾਣ ‘ਟੇਕ-ਆਫ਼’ ਤੋਂ ਠੀਕ ਪਹਿਲਾਂ ਰੱਦ ਕਰ ਦਿੱਤੀ ਗਈ।’’