ਬਠਿੰਡਾ ਦੇ ਪਿੰਡ ਹਰਾਏਪੁਰ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਜ਼ਿਲ੍ਹੇ ਦੇ ਪਿੰਡ ਹਰਾਏਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਖੇਡ ਸਟੇਡੀਅਮ ਵਿੱਚ ਨੌਜਵਾਨ ਦੀ ਦਿਨ ਚੜ੍ਹਦੇ ਹੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਆਕਾਸ਼ਦੀਪ ਸਿੰਘ (20) ਵਜੋਂ ਹੋਈ ਹੈ।
ਘਟਨਾ ਦਾ ਪਤਾ ਲੱਗਦੇ ਹੀ ਲੋਕ ਮੌਕੇ ’ਤੇ ਇਕੱਠੇ ਹੋ ਗਏ। ਥਾਣਾ ਨੇਹੀਆਂ ਵਾਲਾ ਦੀ ਪੁਲੀਸ ਇਸ ਮੌਤ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਪਿੰਡ ਦੀ ਮੌਜੂਦਾ ਪੰਚਾਇਤ ਮੈਂਬਰ ਦਾ ਭਤੀਜਾ ਸੀ। ਪਿੰਡ ਵਾਸੀਆਂ ਅਨੁਸਾਰ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਆਦਤ ਵਿਚ ਫਸਿਆ ਹੋਇਆ ਸੀ। ਮ੍ਰਿਤਕ ਦੀ ਲਾਸ਼ ਕੋਲ ਇੱਕ ਮੋਟਰਸਾਈਕਲ ਵੀ ਖੜ੍ਹਾ ਸੀ।
ਸਕੂਲ ਦੇ ਪ੍ਰਿੰਸੀਪਲ ਅਨੂ ਗਰਗ ਨੇ ਦੱਸਿਆ ਕਿ ਮ੍ਰਿਤਕ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਨਹੀਂ ਸੀ, ਸਗੋਂ ਪਿੰਡ ਦਾ ਹੀ ਨੌਜਵਾਨ ਸੀ ਜੋ ਨਸ਼ੇ ਦਾ ਆਦੀ ਸੀ ਅਤੇ ਕਈ ਵਾਰੀ ਸਕੂਲ ਦੇ ਗਰਾਊਂਡ ’ਚ ਆ ਕੇ ਬੈਠਦਾ ਸੀ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸੂਤਰਾਂ ਮੁਤਾਬਕ ਪਿੰਡ ਵਿਚ ਹੁਣ ਤੱਕ 12 ਨੌਜਵਾਨਾਂ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ।