ਮਹਿਲਾ ਸਰਪੰਚ ਗੁਰਜੀਤ ਕੌਰ ਵੱਲੋਂ ਰਾਸ਼ਟਰੀ ਕਾਨਫਰੰਸ ਵਿੱਚ ਜ਼ਿਲ੍ਹਾ ਬਠਿੰਡਾ ਦੀ ਪ੍ਰਤੀਨਿਧਤਾ
ਪੱਤਰ ਪ੍ਰੇਰਕ
ਬਠਿੰਡਾ, 6 ਮਾਰਚ
ਪਿੰਡ ਮਹਿਮਾ ਸਰਜਾ ਦੀ ਪਹਿਲੀ ਮਹਿਲਾ ਸਰਪੰਚ ਗੁਰਜੀਤ ਕੌਰ ਨੇ ਦਿੱਲੀ ਵਿੱਚ ਹੋਈ ਅੰਤਰਰਾਸ਼ਟਰੀ ਮਹਿਲਾ ਕਾਨਫਰੰਸ ਵਿੱਚ ਸ਼ਮੂਲੀਅਤ ਕਰਕੇ ਬਠਿੰਡਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਕਾਨਫਰੰਸ ਕੇਂਦਰ ਸਰਕਾਰ ਵੱਲੋਂ ਵਿਗਿਆਨ ਭਵਨ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਭਰ ਦੀਆਂ 1200 ਮਹਿਲਾ ਸਰਪੰਚਾਂ ਨੇ ਹਿੱਸਾ ਲਿਆ।
ਗੁਰਜੀਤ ਕੌਰ ਜੋ ਕਿ ਬਠਿੰਡਾ ਦੇ ਸ਼ਹਿਰੀ ਆਪ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ ਦੀ ਧਰਮਪਤਨੀ ਵੀ ਹਨ, ਨੂੰ ਪੰਜਾਬ ਦੀ 23 ਮਹਿਲਾ ਸਰਪੰਚਾਂ ਵਿੱਚੋਂ ਇੱਕ ਵਜੋਂ ਇਸ ਮਹੱਤਵਪੂਰਨ ਕਾਨਫਰੰਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਇਸ ਸਮਾਗਮ ਦੌਰਾਨ ਮਹਿਲਾ ਸਰਪੰਚਾਂ ਨੇ ਗ੍ਰਾਮੀਣ ਵਿਕਾਸ, ਔਰਤਾਂ ਦੀ ਭਾਗੀਦਾਰੀ ਅਤੇ ਪਿੰਡਾਂ ਦੀ ਤਰੱਕੀ ਆਦਿ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਕਾਨਫਰੰਸ ਵਿੱਚ ਕੇਂਦਰੀ ਪੰਚਾਇਤ ਮੰਤਰੀ ਰਾਜੀਵ ਰੰਜਨ ਸਿੰਘ ਅਤੇ ਪੰਚਾਇਤ ਰਾਜ ਮੰਤਰੀ ਐੱਸਪੀ ਬਘੇਲ ਵੱਲੋਂ ਮਹਿਲਾ ਸਰਪੰਚਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਗੁਰਜੀਤ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਅਤੇ ਪਿੰਡ ਮਹਿਮਾ ਸਰਜਾ ਵਾਸੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਵਿਕਾਸ ਲਈ ਹੋਰ ਬਿਹਤਰ ਯਤਨ ਕਰਨਗੇ ਅਤੇ ਔਰਤਾਂ ਦੀ ਭਾਗੀਦਾਰੀ ਨੂੰ ਹੋਰ ਵੀ ਵਧਾਉਣਗੇ।