ਜੰਗਲੀ ਜਾਨਵਰ ਨੇ ਚੱਕਰਾਂ ’ਚ ਪਾਏ ਭਿਸੀਆਣਾ ਵਾਸੀ
ਮਨੋਜ ਸ਼ਰਮਾ
ਬਠਿੰਡਾ, 17 ਫਰਵਰੀ
ਬਠਿੰਡਾ ਦੇ ਭਿਸੀਆਣਾ ਸਥਿਤ ਭਾਰਤੀ ਹਵਾਈ ਫੌਜ ਦੇ ਅੱਡੇ ਦੀ ਕੰਧ ਨੇੜੇ ਬੀਤੀ ਰਾਤ ਇੱਕ ਤੇਂਦੂਏ ਵਰਗਾ ਜੰਗਲੀ ਜਾਨਵਰ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਵਣ ਅਤੇ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਨੇ ਇੱਕ ਜੰਗਲੀ ਬਾਗੜ ਬਿੱਲਾ ਫੜਿਆ ਹੈ। ਪਿੰਡ ਕੋਠੇ ਫੂਲਾ ਸਿੰਘ ਵਾਲਾ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਖੇਤਾਂ ਵਿਚ ਤੇਂਦੂਏ ਵਰਗਾ ਜੰਗਲੀ ਜਾਨਵਰ ਘੁੰਮਦਾ ਦੇਖਿਆ ਸੀ। ਪਰ ਵਣ ਵਿਭਾਗ ਨੇ ਬਿੱਲਾ ਫੜਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇਕਾਈ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਵੇਰੇ 7.30 ਵਜੇ ਖੇਤਾਂ ਵਿੱਚ ਜੰਗਲੀ ਜਾਨਵਰ ਦੇਖਣ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਡਾਂਗਾਂ, ਸੋਟੇ ਅਤੇ ਤੇਜ਼ ਹਥਿਆਰ ਲੈ ਕੇ ਆਪਣੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੋਸ਼ ਲਾਇਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬਿੱਲਾ ਫੜ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਕਤ ਜੰਗਲੀ ਜਾਨਵਰ ਨੂੰ ਜਲਦ ਫੜਨ ਦੀ ਮੰਗ ਕੀਤੀ, ਤਾਂ ਜੋ ਲੋਕ ਖੁੱਲ੍ਹ ਕੇ ਖੇਤਾਂ ਵਿੱਚ ਕੰਮ ਕਰ ਸਕਣ।
ਰੇਂਜ ਅਫਸਰ ਤੇਜਿੰਦਰ ਸਿੰਘ ਨੇ ਕਿਹਾ ਬਿੱਲੇ ਨੂੰ ਫੜ ਕੇ ਚਿੜੀਆ ਘਰ ਵਿੱਚ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ’ਤੇ ਦੁਬਾਰਾ ਕੈਮਰੇ ਲਾ ਦਿੱਤੇ ਗਏ ਹਨ।