ਮੀਂਹ ਕਰਕੇ ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ
ਪਿੰਡ ਚੈਨੇਵਾਲਾ ਵਿਚ ਐਤਵਾਰ ਲੰਘੀ ਰਾਤ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਮੀਂਹ ਜ਼ਿਆਦਾ ਪੈਣ ਕਾਰਨ ਇਹ ਘਟਨਾ ਵਾਪਰੀ। ਪੀੜਤ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ...
ਪਿੰਡ ਚੈਨੇਵਾਲਾ ਵਿਚ ਐਤਵਾਰ ਲੰਘੀ ਰਾਤ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਮੀਂਹ ਜ਼ਿਆਦਾ ਪੈਣ ਕਾਰਨ ਇਹ ਘਟਨਾ ਵਾਪਰੀ। ਪੀੜਤ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।
ਸਰਦੂਲਗੜ੍ਹ ਦੇ ਪਿੰਡ ਚੈਨੇਵਾਲਾ ਦਾ ਮਜ਼ਦੂਰ ਬਲਜੀਤ ਸਿੰਘ (35), ਜੋ ਇਕ ਬਾਂਹ ਤੋਂ ਅਪਾਹਜ ਸੀ, ਆਪਣੇ ਭਤੀਜੇ ਰਣਜੋਤ ਸਿੰਘ (11) ਤੇ ਇਕ ਬੱਚੀ ਹਰਕੀਰਤ ਕੌਰ ਨਾਲ ਸੁੱਤਾ ਪਿਆ ਸੀ। ਰਾਤ ਵੇਲੇ ਮੀਂਹ ਜ਼ਿਆਦਾ ਪਿਆ ਤੇ ਅੱਧੀ ਰਾਤ ਨੂੰ ਉਨ੍ਹਾਂ ਦੇ ਕੱਚੇ ਮਕਾਨ ਦੀ ਛੱਤ ਸੁੱਤੇ ਪਿਆਂ ’ਤੇ ਡਿੱਗ ਗਈ। ਮਜ਼ਦੂਰ ਬਲਜੀਤ ਸਿੰਘ ਤੇ ਉਸ ਦੇ ਭਤੀਜੇ ਰਣਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਬੱਚੀ ਹਰਕੀਰਤ ਕੌਰ ਦਾ ਬਚਾਅ ਹੋ ਗਿਆ।
ਇਸ ਘਟਨਾ ਨੂੰ ਲੈ ਕੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸਰਪੰਚ ਗੁਰਪ੍ਰੀਤ ਸਿੰਘ ਚੈਨੇਵਾਲਾ, ਥਾਣਾ ਝੁਨੀਰ ਮੁਖੀ ਅੰਗਰੇਜ ਸਿੰਘ ਤੇ ਤਹਿਸੀਲਦਾਰ ਨੇ ਮੌਕੇ ’ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਉਧਰ ਬੁਢਲਾਡਾ ਦੇ ਪਿੰਡ ਦਾਤੇਵਾਸ ਵਿਚ ਮੀਂਹ ਨਾਲ ਛੱਤ ਡਿੱਗਣ ਕਾਰਨ ਇਕ ਗਾਂ ਦੀ ਮੌਤ ਹੋ ਗਈ ਤੇ ਇਕ ਮੱਝ ਤੇ ਦੋ ਗਾਵਾਂ ਜ਼ਖ਼ਮੀਆਂ ਹੋ ਗਈਆਂ ਹਨ। ਪਿੰਡ ਦਾਤੇਵਾਸ ਦੇ ਸਰਪੰਚ ਸੁਖਨੈਬ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਗਰੀਬ ਪਰਿਵਾਰ ਦੇ ਦੁਧਾਰੂ ਪਸ਼ੂਆਂ ਦਾ ਛੱਤ ਡਿੱਗਣ ਨਾਲ ਇਹ ਨੁਕਸਾਨ ਹੋਇਆ ਹੈ।