ਬਠਿੰਡਾ-ਦਿੱਲੀ ਹਵਾਈ ਸੇਵਾ ਨੂੰ ਝਟਕਾ: ਏਅਰਲਾਈਨ ਕੰਪਨੀਆਂ ਨੇ ਉਡਾਣਾਂ ਸੀਮਤ ਕੀਤੀਆਂ
ਦੱਖਣੀ ਮਾਲਵਾ ਖੇਤਰ ਦੀ ਦਿੱਲੀ ਨਾਲ ਹਵਾਈ ਕਨੈਕਟੀਵਿਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਬਠਿੰਡਾ ਸਿਵਲ ਹਵਾਈ ਅੱਡੇ ਤੋਂ ਦੋ ਕੰਪਨੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਵਿਚੋਂ ਇੱਕ ਨੇ ਆਪਣੀਆਂ ਉਡਾਣਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ, ਜਦਕਿ ਦੂਜੇ...
Advertisement
ਦੱਖਣੀ ਮਾਲਵਾ ਖੇਤਰ ਦੀ ਦਿੱਲੀ ਨਾਲ ਹਵਾਈ ਕਨੈਕਟੀਵਿਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਬਠਿੰਡਾ ਸਿਵਲ ਹਵਾਈ ਅੱਡੇ ਤੋਂ ਦੋ ਕੰਪਨੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਵਿਚੋਂ ਇੱਕ ਨੇ ਆਪਣੀਆਂ ਉਡਾਣਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ, ਜਦਕਿ ਦੂਜੇ ਆਪਰੇਟਰ ਨੇ ਵੀ ਆਪਣੇ ਉਡਾਣ ਦਿਨ ਘਟਾ ਦਿੱਤੇ ਹਨ।
ਗੌਰਤਲਬ ਹੈ ਕਿ ਵਿਰਕ ਕਲਾਂ ਪਿੰਡ ’ਚ ਸਥਿਤ ਬਠਿੰਡਾ ਹਵਾਈ ਅੱਡਾ ਸਾਲ 2019 ਵਿੱਚ ਚਾਲੂ ਹੋਇਆ ਸੀ। ਕੋਵਿਡ ਦੌਰਾਨ ਕੁਝ ਸਮੇਂ ਲਈ ਸੇਵਾਵਾਂ ਰੁਕਣ ਤੋਂ ਬਾਅਦ, ਇਹ ਅੱਡਾ ਮੁੜ ਐਨ ਸੀ ਆਰ ਨਾਲ ਦੋ ਰੂਟਾਂ ਫਲਾਈ ਬਿੱਗ (ਬਠਿੰਡਾ–ਹਿੰਡਨ) ਅਤੇ ਅਲਾਇੰਸ ਏਅਰ (ਬਠਿੰਡਾ–ਦਿੱਲੀ) ਰਾਹੀਂ ਜੁੜਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਫਲਾਈ ਬਿੱਗ ਨੇ ਆਪਣੀਆਂ ਉਡਾਣਾਂ 27 ਸਤੰਬਰ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ। ਇਹ ਸੇਵਾ ਸਤੰਬਰ 2023 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਹਰੇਕ ਉਡਾਣ ਵਿੱਚ ਕੇਵਲ 4 ਤੋਂ 6 ਯਾਤਰੀ ਸਫਰ ਕਰਦੇ ਸਨ। ਉਧਰ ਅਲਾਇੰਸ ਏਅਰ ਨੇ ਵੀ 19 ਸਤੰਬਰ ਤੋਂ ਆਪਣੀਆਂ ਹਫ਼ਤਾਵਰੀ ਉਡਾਣਾਂ ਅੱਧੀਆਂ ਕਰ ਦਿੱਤੀਆਂ ਹਨ। ਫਲਾਈ ਬਿੱਗ ਦੇ ਮੈਨੇਜਰ ਮਦਨ ਮੋਹਨ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਡਾਣਾਂ ਨੂੰ ਅਸਥਾਈ ਤੌਰ ’ਤੇ “ਸਸਪੈਂਡ” ਕੀਤਾ ਗਿਆ ਹੈ ਅਤੇ ਨਵੰਬਰ ਮਹੀਨੇ ਵਿੱਚ ਸੇਵਾ ਮੁੜ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਕੁਝ ਜਹਾਜ਼ ਇਸ ਵੇਲੇ ਮੁਰੰਮਤ ਅਧੀਨ ਹਨ।
ਇਸ ਸਬੰਧੀ ਬਠਿੰਡਾ ਹਵਾਈ ਅੱਡੇ ਦੇ ਡਾਇਰੈਕਟਰ ਸਾਵਰ ਮੱਲ ਸਿੰਗਾਰੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
Advertisement
ਦੂਜੇ ਪਾਸੇ, ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੋਂ ਮਾਲਵਾ ਖੇਤਰ ਦੇ ਇੱਕੋ ਹਵਾਈ ਅੱਡੇ ਲਈ ਵਧੀਆ ਹਵਾਈ ਕਨੈਕਟੀਵਿਟੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਰਾਹੀਂ ਬਠਿੰਡਾ, ਬਰਨਾਲਾ, ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਹਜ਼ਾਰਾਂ ਯਾਤਰੀਆਂ ਨੂੰ ਸਹੂਲਤ ਮਿਲਦੀ ਹੈ। ਸੇਵਾਵਾਂ ਰੁਕਣ ਨਾਲ ਖੇਤਰ ਦੀ ਆਵਾਜਾਈ ਅਤੇ ਆਰਥਿਕ ਗਤੀਵਿਧੀਆਂ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
Advertisement
Advertisement
×