ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਫਿਰ ਮਿਲਿਆ ਨਵਜੰਮਿਆ ਬੱਚਾ
ਸਾਲ ਪਹਿਲਾਂ ਵੀ ਪਿੰਡ ਵਿਚ ਵਾਪਰੀ ਸੀ ਇਹੀ ਘਟਨਾ, ਨਵਜੰਮੇ ਨੂੰ ਸਰਕਾਰੀ ਹਸਪਤਾਲ ਬਠਿੰਡਾ ਭੇਜਿਆ
ਇਥੋਂ ਨੇੜਲੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਅੱਜ ਸਵੇਰੇ ਫਿਰ ਇਕ ਨਵਜੰਮਿਆ ਬੱਚਾ ਮਿਲਣ ਨਾਲ ਪਿੰਡ ਵਿੱਚ ਹੜਕੰਪ ਮਚ ਗਿਆ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਵੱਲੋਂ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਤੰਦਰੁਸਤ ਦੱਸਿਆ ਹੈ। ਉਂਝ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਪਿਛਲੇ ਸਾਲ 23 ਅਕਤੂਬਰ ਨੂੰ ਵੀ ਪਿੰਡ ਵਿੱਚੋਂ ਜਿਉਂਦਾ ਬੱਚਾ ਮਿਲਿਆ ਸੀ, ਜੋ ਕਿ ਲੜਕਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਵੀ 3 ਅਕਤੂਬਰ ਨੂੰ ਜਿਉਂਦੀ ਹਾਲਤ ਵਿੱਚ ਲੜਕਾ ਹੀ ਮਿਲਿਆ ਹੈ।
ਖਾਸ ਗੱਲ ਇਹ ਹੈ ਕਿ ਦੋਵੇਂ ਵਾਰ ਇਹ ਘਟਨਾ ਬੂਟਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਨੇੜੇ ਹੀ ਵਾਪਰੀ। ਇਸ ਵੇਲੇ ਘਰ ਦਾ ਮਾਲਕ ਬੂਟਾ ਸਿੰਘ ਮਲੇਰਕੋਟਲਾ ਵਿਖੇ ਕਿਸੇ ਪੀਰ ਦੀ ਚੌਂਕੀ ਭਰਨ ਗਿਆ ਹੋਇਆ ਸੀ। ਵੱਡਾ ਸਵਾਲ ਇਹ ਹੈ ਕਿ ਇੱਕੋ ਘਰ ਨੇੜੇ ਹੀ ਇਕ ਸਾਲ ਦੇ ਵਕਫ਼ੇ ਵਿਚ ਬੱਚਿਆਂ ਨੂੰ ਸੁੱਟਣਾ ਗੰਭੀਰ ਜਾਂਚ ਦਾ ਵਿਸ਼ਾ ਹੈ।
ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਕੌਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪਿੰਡ ਵਾਸੀਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੋਈ ਅਣਜਾਣ ਵਿਅਕਤੀ ਪਿੰਡ ਵਿੱਚ ਅਜਿਹਾ ਘਿਨੌਣਾ ਕੰਮ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਆਪਣੀ ਟੀਮ ਬਣਾ ਕੇ ਜਾਂਚ ਕਰੇ ਅਤੇ ਪਿੰਡਾਂ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਦੀ ਵੀ ਸ਼ੱਕ ਦੇ ਆਧਾਰ ’ਤੇ ਜਾਂਚ ਹੋਵੇ, ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।