ਮੁਕਤਸਰ ਪੁਲੀਸ ਵੱਲੋਂ ਜ਼ਿਲ੍ਹਾ ਜੇਲ੍ਹ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਜ਼ਿਲ੍ਹੇ ’ਚ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਲ੍ਹ ’ਚ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਰੋਕਣ ਲਈ ਸਰਚ ਆਪਰੇਸ਼ਨ ਚਲਾਇਆ ਗਿਆ। ਡਾ. ਅਖਿਲ ਚੌਧਰੀ ਐੱਸਐੱਸਪੀ ਨੇ ਦੱਸਿਆ ਕਿ ਜੇਲ੍ਹ ਅੰਦਰ ਨਸ਼ਾ ਤਸਕਰੀ, ਗੈਂਗਸਟਰਵਾਦ, ਗੈਰਕਾਨੂੰਨੀ ਸਾਮਾਨ, ਮੋਬਾਈਲ ਜਾਂ ਹੋਰ ਪਾਬੰਦੀਸ਼ੁਦਾ ਚੀਜ਼ਾਂ ਦੀ ਰੋਕਥਾਮ ਲਈ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ’ਤੇ ਸਖ਼ਤ ਨਿਗਰਾਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਇਹ ਥਾਵਾਂ ਨਸ਼ਾ ਤਸਕਰੀ ਦੇ ਲੁਕਵੇਂ ਕੇਂਦਰ ਬਣ ਜਾਂਦੇ ਹਨ। ਇਸ ਚੈਕਿੰਗ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਜਾਂਚ ਕੀਤੀ ਗਈ, ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਅਤੇ ਸਮਾਨ ਦੀ ਜਾਂਚ ਕੀਤੀ ਗਈ, ਆਉਣ-ਜਾਣ ਵਾਲੇ ਰਸਤੇ, ਕੰਧਾਂ ਦੇ ਕੋਨੇ, ਬੈਰਕਾਂ ਦੇ ਆਲੇ-ਦੁਆਲੇ, ਆਵਾਜਾਈ ਦੇ ਸਾਰੇ ਰਾਹਾਂ ਦੀ ਪੂਰੀ ਜਾਂਚ ਕੀਤੀ ਗਈ, ਕੁਝ ਸ਼ੱਕੀ ਥਾਵਾਂ ਤੋਂ ਵਿਅਕਤੀਆਂ ਦੀ ਪੁੱਛ-ਪੜਤਾਲ ਵੀ ਕੀਤੀ ਗਈ। ਤਲਾਸ਼ੀ ਲਈ ਮੈਟਲ ਡਿਟੈਕਟਰ, (ਸਨਿਫਰ ਡੋਗਜ਼) ਅਤੇ ਹੋਰ ਤਕਨੀਕੀ ਸਾਧਨਾਂ ਦੀ ਵੀ ਮਦਦ ਲਈ ਗਈ। ਐੱਸਐੱਸਪੀ ਨੇ ਕਿਹਾ ਕਿ ਜੇਲ੍ਹ ’ਚ ਬੰਦ ਗੈਂਗਸਟਰ ਜਾਂ ਨਸ਼ਾ ਤਸਕਰ ਜੇਲ੍ਹ ਅੰਦਰੋਂ ਗੈਰਕਾਨੂੰਨੀ ਕੰਮ ਨਾ ਕਰ ਰਹੇ ਹੋਣ, ਇਸ ਲਈ ਸਖ਼ਤ ਚੈਕਿੰਗ ਅਤੇ ਨਿਗਰਾਨੀ ਲਾਜ਼ਮੀ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।