ਸ਼ਗਨ ਕਟਾਰੀਆ
ਜੈਤੋ, 8 ਮਾਰਚ
ਸੀਆਈਏ ਸਟਾਫ਼ ਜੈਤੋ ਨੇ ਇੱਕ ਜਣੇ ਨੂੰ ਦੇਸੀ ਪਿਸਤੌਲ .32 ਬੋਰ, 2 ਮੈਗਜ਼ੀਨ .32 ਬੋਰ ਅਤੇ 2 ਜ਼ਿੰਦਾ ਰੌਦਾਂ ਸਮੇਤ ਕਾਬੂ ਕਰ ਲਿਆ। ਡੀਐਸਪੀ ਜੈਤੋ ਸੁਖਦੀਪ ਸਿੰਘ ਨੇ ਦੱਸਿਆ ਕਿ ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀਆਈਏ ਜੈਤੋ ਦੀ ਨਿਗਰਾਨੀ ਹੇਠ ਹੌਲਦਾਰ ਵਰਿੰਦਰ ਸਿੰਘ ਅਤੇ ਸਾਥੀ ਕਰਮਚਾਰੀ ਗਸ਼ਤ ਕਰਦੇ ਹੋਏ ਜਦੋਂ ਪਿੰਡ ਮੱਲਾ ਦੇ ਚੌਰਸਤੇ ’ਚ ਪੁੱਜੇ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜਸਕਰਨ ਸਿੰਘ ਉਰਫ਼ ਕਰਨਾ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਨਾਜਾਇਜ਼ ਅਸਲਾ ਲੈ ਕੇ ਪਿੰਡ ਡੋਡ ਦੇ ਬੱਸ ਅੱਡੇ ’ਤੇ ਭਗਤਾ ਭਾਈਕਾ ਵੱਲ ਜਾਣ ਵਾਲੀ ਬੱਸ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਛਾਪਾ ਮਾਰ ਕੇ ਉਸ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਕੇਸ ਦਰਜ ਕਰ ਲਿਆ ਹੈ।
ਡੀਐਸਪੀ ਸੁਖਦੀਪ ਸਿੰਘ ਨੇ ਦੂਜੇ ਮਾਮਲੇ ਬਾਰੇ ਦੱਸਿਆ ਕਿ ਜੈਤੋ ਪੁਲੀਸ ਨੇ ਕੋਟਕਪੂਰਾ ਰੋਡ ’ਤੇ ਸਥਿਤ ਭੱਠੇ ਉੱਪਰ ਕਥਿਤ ਲੁੱਟਾਂ ਖੋਹਾਂ ਦੀ ਤਰਕੀਬ ਘੜ ਰਹੇ 7 ਜਣਿਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਰੀਨੂੰ, ਸੇਠੀ ਸਿੰਘ ਉਰਫ਼ ਗੱਗੂ, ਸੁਖਚੈਨ ਸਿੰਘ ਉਰਫ਼ ਗਗਨਾ, ਸੁਲਤਾਨ ਸਿੰਘ ਉਰਫ਼ ਸੰਨੀ, ਰੋਮਨ ਸਿੰਘ ਉਰਫ਼ ਮਨੀ, ਜਸਵਿੰਦਰ ਸਿੰਘ ਅਤੇ ਤਰਸੇਮ ਸਿੰਘ ਉਰਫ਼ ਸੇਮਾ (ਸਾਰੇ ਵਾਸੀ ਜੈਤੋ) ਦੱਸੀ। ਇਨ੍ਹਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 112 (2) ਅਤੇ 223 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।