ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਅੱਜ
ਸ਼ਗਨ ਕਟਾਰੀਆ
ਬਠਿੰਡਾ, 9 ਮਾਰਚ
ਸੰਯੁਕਤ ਕਿਸਾਨ ਮੋਰਚਾ ਵੱਲੋਂ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਇੱਥੇ ਟੀਚਰਜ਼ ਹੋਮ ਵਿੱਚ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਬਲਕਾਰ ਸਿੰਘ ਸਿੱਧੂ (ਹਲਕਾ ਰਾਮਪੁਰਾ), ਸੁਖਵੀਰ ਸਿੰਘ ਮਾਈਸਰਖਾਨਾ (ਹਲਕਾ ਮੌੜ), ਬਲਜਿੰਦਰ ਕੌਰ (ਹਲਕਾ ਤਲਵੰਡੀ ਸਾਬੋ), ਮਾਸਟਰ ਜਗਸੀਰ ਸਿੰਘ (ਹਲਕਾ ਭੁੱਚੋ) ਅਤੇ ਜਗਰੂਪ ਸਿੰਘ ਗਿੱਲ (ਬਠਿੰਡਾ ਸ਼ਹਿਰੀ) ਦੇ ਘਰਾਂ ਅੱਗੇ 11 ਵਜੇ ਤੋਂ 3 ਵਜੇ ਤੱਕ ਧਰਨੇ ਦੇਣ ਉਪਰੰਤ ਵਿਧਾਇਕ ਅਮਿਤ ਰਤਨ (ਬਠਿੰਡਾ ਦਿਹਾਤੀ) ਦੇ ਘਰ ਤੱਕ ਮੁਜ਼ਾਹਰਾ ਕਰਨ ਦੀ ਤਿਆਰੀ ਅਤੇ ਪ੍ਰਬੰਧਾਂ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾਗੁਰੂ, ਕਰਮਜੀਤ ਕੌਰ ਲਹਿਰਾਖਾਨਾ, ਰਾਜਵਿੰਦਰ ਸਿੰਘ ਰਾਮਨਗਰ, ਰਾਮ ਸਿੰਘ ਕੋਟਗੁਰੂ, ਅਮਰੀਕ ਸਿੰਘ ਸਿਵੀਆਂ ਤੇ ਜਸਪਾਲ ਸਿੰਘ ਕੋਠਾਗੁਰੂ ਆਦਿ ਆਗੂ ਸ਼ਾਮਲ ਸਨ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਚੱਕ ਸੈਦੋਕੇ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ਅਨੁਸਾਰ 10 ਮਾਰਚ ਨੂੰ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਘਰ ਅੱਗੇ ਧਰਨਾ 11 ਤੋਂ ਤਿੰਨ ਵਜੇ ਤੱਕ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਸਕੱਤਰ ਮਨਦੀਪ ਸਿੰਘ ਤੇ ਔਰਤ ਵਿੰਗ ਦੇ ਆਗੂ ਰਾਜ ਕੌਰ ਨੇ ਸੰਬੋਧਨ ਕੀਤਾ।