ਸੂਬੇ ’ਚ ਹੜ੍ਹਾਂ ਦੇ ਮੱਦੇਨਜ਼ਰ ਮੁਅੱਤਲ ਮਾਲ ਅਧਿਕਾਰੀਆਂ ਨੂੰ ਬਹਾਲ ਕਰਨ ਦੀ ਮੰਗ
ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ’ਚ ਹੜ੍ਹਾਂ ਦੇ ਮੱਦੇਨਜ਼ਰ ਦਰਜਨ ਤੋਂ ਵੱਧ ਮੁਅੱਤਲ ਮਾਲ ਅਧਿਕਾਰੀਆਂ ਨੂੰ ਬਹਾਲ ਕਰਕੇ ਤੁਰੰਤ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅਜਿਹੇ ਮਾਲ ਅਫ਼ਸਰਾਂ, ਜਿਨ੍ਹਾਂ ਦੀ ਡਿਊਟੀ ਸੂਬੇ ਦੇ ਵਿੱਤ ਕਮਿਸ਼ਨਰ ਮਾਲ ਵਿਖੇ ਲਗਾਈ ਗਈ ਹੈ, ਨੂੰ ਵੀ ਤੁਰੰਤ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਸੂਬੇ ਭਰ ਵਿਚ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਹਨ। ਮਾਲ ਵਿਭਾਗ ਪ੍ਰਬੰਧਕੀ ਢਾਂਚੇ ਦੀ ਰੀੜ ਦੀ ਹੱਡੀ ਹੋਣ ਕਰਕੇ ਇਨ੍ਹਾਂ ਰਾਹਤ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਇਸ ਸੰਕਟ ਦੀ ਘੜੀ ਵਿੱਚ ਮਾਲ ਵਿਭਾਗ ਦੇ ਕੁਝ ਅਧਿਕਾਰੀ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਸੇਵਾ ਤੋਂ ਮੁਅੱਤਲ ਚਲੇ ਆ ਰਹੇ ਹਨ ਅਤੇ 50 ਤੋਂ 75 ਫੀਸਦੀ ਤਨਖਾਹ ਤਾਂ ਲੈ ਰਹੇ ਹਨ, ਪਰ ਤਜਰਬੇਕਾਰ ਹੋਣ ਦੇ ਬਾਵਜੂਦ ਹੜ੍ਹ ਰਾਹਤ ਕਾਰਜਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਕਈ ਮਾਲ ਅਧਿਕਾਰੀ ਵਿੱਤ ਕਮਿਸ਼ਨਰ ਮਾਲ ਪੰਜਾਬ ਦਫਤਰ ਵਿੱਚ ਡਿਊਟੀ ਲੱਗੀ ਹੋਣ ਕਰਕੇ ਇਨ੍ਹਾਂ ਰਾਹਤ ਕਾਰਜਾਂ ਵਿੱਚ ਹਿੱਸਾ ਨਹੀਂ ਲੈ ਪਾ ਰਹੇ। ਉਨ੍ਹਾਂ ਮੁਅੱਤਲ ਮਾਲ ਅਧਿਕਾਰੀਆਂ ਦੀ ਤੁਰੰਤ ਬਹਾਲੀ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੰਮਾ ਤਜਰਬਾ ਹੋਣ ਕਰਕੇ ਕੁਦਰਤੀ ਆਫਤਾਂ ਨਾਲ ਨਜਿੱਠਣਾ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਔਖੀ ਘੜੀ ਵਿੱਚ ਜੰਗ ਦੀ ਸਥਿਤੀ ਨੂੰ ਦੇਖਦਿਆਂ ਹੋਏ ਸਾਰੇ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਸੇਵਾ ਵਿੱਚ ਬਹਾਲ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਮੁੱਖ ਰੱਖਦਿਆ ਮੁਅੱਤਲ ਮਾਲ ਅਫ਼ਸਰਾਂ ਨਾਲ ਨਰਮੀ ਵਰਤਦਿਆਂ ਇਨ੍ਹਾਂ ਨੂੰ ਬਹਾਲ ਕਰਕੇ ਹੜ੍ਹਾਂ ਦੇ ਰਾਹਤ ਕਾਰਜਾਂ ਵਿੱਚ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਕਾਫੀ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਵੱਲੋ ਸਵੈ ਇੱਛਾ ਸੇਵਾਮੁਕਤੀ ਲੈਣ ਕਰਕੇ ਅਤੇ ਕਾਫੀ ਅਧਿਕਾਰੀਆਂ ਦੀ ਰਿਟਾਇਰਮੈਂਟ ਹੋਣ ਕਰਕੇ ਮਾਲ ਵਿਭਾਗ ਵਿੱਚ ਅਸਾਮੀਆਂ ਖਾਲੀ ਹੋ ਗਈਆਂ ਹਨ ਜਿਸ ਕਰਕੇ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੀ ਘਾਟ ਹੈ ਅਤੇ ਅਗਲੇ 6 ਮਹੀਨਿਆਂ ਵਿੱਚ ਵੀ ਕਾਫੀ ਰਿਟਾਇਰਮੈਂਟਾਂ ਹਨ।