ਬਠਿੰਡਾ ਦੀ ਨੈਸ਼ਨਲ ਕਲੋਨੀ ਨੇੜੇ ਜੋਗਰ ਪਾਰਕ ਕੋਲ ਰਾਤ ਕਰੀਬ ਸਵਾ 10 ਵਜੇ ਇਕ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ ਵਿੱਚ ਡਿੱਗ ਪਈ। ਗੱਡੀ ਚਲਾ ਰਿਹਾ ਨੌਜਵਾਨ ਸੰਦੀਪ ਸਿੰਘ ਵਾਸੀ ਆਦਰਸ਼ ਨਗਰ ਇੱਕ ਕਾਰ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।
ਸੰਦੀਪ ਸਿੰਘ ਮੁਤਾਬਕ ਉਹ ਨੈਸ਼ਨਲ ਕਲੋਨੀ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਜਦੋਂ ਅਚਾਨਕ ਇੱਕ ਪਸ਼ੂ ਸਾਹਮਣੇ ਆ ਗਿਆ। ਉਸ ਨੇ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਨਹਿਰ ’ਚ ਡਿੱਗ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਵਿਅਕਤੀ ਨੇ ਆਪਣੀ ਪੱਗ ਸੁੱਟ ਕੇ ਦਲੇਰੀ ਨਾਲ ਸੰਦੀਪ ਨੂੰ ਬਾਹਰ ਖਿੱਚਿਆ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੀਆਂ ਤਿੰਨ ਟੀਮਾਂ, ਪੁਲੀਸ ਅਤੇ ਪੀਸੀਆਰ ਦੀਆਂ ਟੀਮਾਂ ਹੋਰ ਸਮਾਜ ਸੇਵੀ ਸੰਸਥਾਵਾਂ ਮੌਕੇ ’ਤੇ ਪਹੁੰਚੀਆਂ। ਮੌਕੇ ’ਤੇ ਰਾਤ ਦੇ ਹਨੇਰੇ ਵਿਚ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਗਿਆ। ਮੌਕੇ ’ਤੇ ਪੁੱਜੇ ਕੌਂਸਲਰ ਬੇਅੰਤ ਸਿੰਘ ਰੰਧਾਵਾ ਅਤੇ ਮਲਕੀਤ ਸਿੰਘ ਗਿੱਲ ਨੇ ਮੇਅਰ ਬਠਿੰਡਾ ਕੋਲੋਂ ਮੰਗ ਕੀਤੀ ਕਿ ਇੱਥੇ ਨਹਿਰ ਕੰਡਿਆਂ ’ਤੇ ਰੇਲਿੰਗ, ਪੌੜੀਆਂ ਅਤੇ ਸੁਰੱਖਿਆ ਲਈ ਸੰਗਲਾਂ ਲਗਾਈਆਂ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।