ਸ਼ਗਨ ਕਟਾਰੀਆ
ਬਠਿੰਡਾ, 6 ਨਵੰਬਰ
ਚੁਫੇਰੇ ਫ਼ਿਜ਼ਾ ’ਚ ਦੂਰ-ਦੂਰ ਤੱਕ ਹਵਾ ’ਚ ਫ਼ੈਲੇ ਪ੍ਰਦੂਸ਼ਣ ਨੇ ਮਾਲਵੇ ਨੂੰ ਅੱਜ ਵੀ ਗ੍ਰਿਫ਼ਤ ’ਚ ਲਈ ਰੱਖਿਆ। ਬਠਿੰਡਾ ’ਚ ਅੱਜ ਸ਼ਾਮ ਨੂੰ ਏਕਿਊਆਈ ਪੱਧਰ 297 ਤੱਕ ਅੱਪੜ ਗਿਆ। ਅੰਬਰਾਂ ਤੱਕ ਚੜ੍ਹੀ ਧੁੰਆਂਖੀ ਧੁੰਦ ਨੇ ਜਿੱਥੇ ਆਮ ਲੋਕਾਈ ਦੀ ਜ਼ਿੰਦਗੀ ਪਟੜੀਓਂ ਲਾਹੀ ਹੋਈ ਹੈ, ਉਥੇ ਸਾਹ-ਦਮੇ ਦੇ ਮਰੀਜ਼ਾਂ ਦਾ ਹੋਰ ਵੀ ਬਦਤਰ ਹਾਲ ਹੈ।
ਝੋਨੇ ਦੀ ਕਟਾਈ ਮੌਕੇ ਉੱਡਦੇ ਕਣ ਅਤੇ ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਪੈਦਾ ਹੋਇਆ ਪ੍ਰਦੂਸ਼ਣ ਦਿਨੋਂ-ਦਿਨ ਸਿਖ਼ਰ ਛੂਹ ਰਿਹਾ ਹੈ। ਪ੍ਰਸ਼ਾਸਨ ਹਾਲਾਂਕਿ ਪਰਾਲੀ ਦੀ ਸੰਭਾਲ ਦੇ ਪੁਖ਼ਤਾ ਪ੍ਰਬੰਧ ਹੋਣ ਦਾ ਦਾਅਵਾ ਕਰਦਾ ਹੈ ਪਰ ਕਿਸਾਨ ਜਥੇਬੰਦੀਆਂ ਇਸ ਨੂੰ ਨਾ-ਕਾਫ਼ੀ ਕਹਿ ਕੇ ਨਕਾਰਦੀਆਂ ਆ ਰਹੀਆਂ ਹਨ। ਇਸ ਵਿਵਾਦ ਦੌਰਾਨ ਪੈਦਾ ਸਥਤਿੀ ਧਰਤੀ ਦੇ ਹਰ ਜੀਵ ਲਈ ਤਕਲੀਫ਼-ਦੇਹ ਬਣੀ ਹੋਈ ਹੈ। ਭਾਵੇਂ ਸਰਕਾਰ ਵੱਲੋਂ ਲੋਕਾਂ ਨੂੰ ਬਗ਼ੈਰ ਕੰਮ ਤੋਂ ਘਰਾਂ ’ਚੋਂ ਬਾਹਰ ਨਾ ਆਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਸਕੂਲ ਵਿਦਿਆਰਥੀਆਂ ਨੂੰ ਇਹ ਜ਼ੋਖ਼ਮ ਰੋਜ਼ਾਨਾ ਉਠਾਉਣਾ ਪੈ ਰਿਹਾ ਹੈ। ਧੂੰਏ ਦੇ ਗੁਬਾਰ ਕਾਰਨ ਦੂਰ ਤੱਕ ਦਿਖਾਈ ਦੇਣ ਦੀ ਸਮਰੱਥਾ ਘਟਨ ਕਾਰਨ ਸੜਕਾਂ ’ਤੇ ਹਾਦਸੇ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਪਰਾਲੀ ਪ੍ਰਬੰਧਨ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਝੋਨੇ ਦੇ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਤਰ੍ਹਾਂ ਦੀ 140 ਕਰੋੜ ਰੁਪਏ ਦੀਆਂ (ਜਿਸ ’ਚ 70 ਕਰੋੜ ਰੁਪਏ ਦੀ ਸਬਸਿਡੀ ਵਾਲੀਆਂ) 9234 ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ 200 ਬੇਲਰ ਲਗਾਤਾਰ ਪਰਾਲੀ ਪ੍ਰਬੰਧਨ ਲਈ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਕਰੀਬ 400 ਏਕੜ ਵਿੱਚ ਲਗਭਗ 20 ਡੰਪ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਪਰਾਲੀ ਨੂੰ ਸਟੋਰ ਕਰਨ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਹੁਣ ਤੱਕ 1.5 ਲੱਖ ਮੀਟ੍ਰਿਕ ਟਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕੀਤੀ ਜਾ ਚੁੱਕੀ ਹੈ, ਜਦਕਿ 4 ਲੱਖ ਮੀਟ੍ਰਿਕ ਟਨ ਪਰਾਲੀ ਨੂੰ ਜਮ੍ਹਾ ਕਰਨ ਦਾ ਟੀਚਾ ਹੈ।

ਬੱਚੇ, ਬਜ਼ੁਰਗ ਪ੍ਰਦੂਸ਼ਣ ਤੋਂ ਬਚਣ: ਡਾ. ਵਰਿੰਦਰ
ਮੈਡੀਕਲ ਅਧਿਕਾਰੀ ਡਾ. ਵਰਿੰਦਰ ਕੁਮਾਰ ਅਨੁਸਾਰ ਪ੍ਰਦੂਸ਼ਣ ਕਾਰਨ ਖੰਘ, ਜ਼ੁਕਾਮ, ਸਾਹ ਲੈਣ ’ਚ ਤਕਲੀਫ਼, ਚਮੜੀ ਰੋਗਾਂ ਤੋਂ ਪੀੜਤ ਮਰੀਜ਼ ਵੱਡੀ ਗਿਣਤੀ ’ਚ ਵਧੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਬੱਚਿਆਂ, ਬਜ਼ੁਰਗਾਂ ਅਤੇ ਸਰੀਰਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਪ੍ਰਦੂਸ਼ਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

