ਦਿੜ੍ਹਬੇ ਮਗਰੋਂ ਕਿੱਤਾਮੁਖੀ ਅਧਿਆਪਕਾਂ ਦਾ ਰੁਖ਼ 'ਸੰਗਰੂਰ' ਵੱਲ
ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜ੍ਹਬਾ ਵਿੱਚ ਹੱਕੀ ਸੰਘਰਸ਼ ਮੌਕੇ ਸਰਕਾਰੀ ਜ਼ਬਰ ਝੱਲਣ ਮਗਰੋਂ ਕਿੱਤਾਮੁਖੀ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵੱਲ ਰੁਖ਼ ਕਰ ਲਿਆ ਹੈ। ਇਨ੍ਹਾਂ ਅਧਿਆਪਕਾਂ ਦੇ ਫਰੰਟ ਵੱਲੋ 13 ਸਤੰਬਰ ਨੂੰ ਕਿਸਾਨ ਤੇ ਭਰਾਤਰੀ ਜਥੇਬੰਦਕ ਸਹਿਯੋਗ ਨਾਲ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ।
ਅਧਿਆਪਕਾਂ ਦੀਆਂ ਵਿਭਾਗ ਵਿੱਚ ਮਰਜ, ਬਰਾਬਰ ਕੰਮ-ਬਰਾਬਰ ਤਨਖਾਹ ਤੇ ਝੂਠੇ ਪਰਚੇ ਰੱਦ ਕਰਨ ਜਿਹੀਆਂ ਮੁੱਖ ਮੰਗਾਂ ਹਨ।
ਦਿੜਬਾ ਜ਼ਬਰ ਉਪਰੰਤ ਰੋਹ ਨਾਲ ਭਰੇ ਇਨ੍ਹਾਂ ਅਧਿਆਪਕਾਂ ਨੇ 5 ਸਤੰਬਰ ਅਧਿਆਪਕ ਦਿਵਸ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੁਤਲੇ ਸਾੜਨ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ।
ਐਨਐੱਸਕਿਉਐੱਫ ਵੋਕੇਸ਼ਨਲ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਅਤੇ ਗਗਨ ਸ਼ਰਮਾ ਨੇ ਕਿਹਾ ਕਿ ਬੀਤੀ 24 ਅਗਸਤ ਨੂੰ ਫਰੰਟ ਵੱਲੋਂ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਣਵਾਈ ਦੀ ਬਜਾਇ ਧਰਨੇ ਨੂੰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਈ ਮਹਿਲਾ ਅਧਿਆਪਕਾਂ ਨੂੰ ਸੱਟਾਂ ਲੱਗੀਆਂ ਅਤੇ ਮੋਬਾਈਲ ਫੋਨ ਤੱਕ ਖੋਹ ਲਏ ਗਏ।
ਜਦਕਿ ਰਣਜੀਤ ਸਿੰਘ, ਭੁਪਿੰਦਰ ਸਿੰਘ ਅਤੇ ਪਰਮਜੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਗਿਆ। ਮੰਦਭਾਗੀ ਘਟਨਾ ਅਵਤਾਰ ਕੌਰ ਦਿੜਬਾ ਦੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਸਰਕਾਰ ਦੀ ਅਧਿਆਪਕਾਂ ਤੇ ਸਮਾਜ ਪ੍ਰਤੀ ਮਾਰੂ ਨੀਤੀ ਖੁੱਲ੍ਹੇਆਮ ਉਜਾਗਰ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 2014 ਤੋਂ ਲਗਭਗ 2,633 ਐਨਐੱਸਕਿਉਐੱਫ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਕੰਪਨੀਆਂ ਰਾਹੀਂ ਕੰਮ ਕਰ ਰਹੇ ਹਨ, ਜੋ ਮਹਿਜ 18,300 ਰੁਪਏ ਤਨਖਾਹ 'ਤੇ ਪੰਜਾਬ ਦੀ ਨਵੀਂ ਪਨੀਰੀ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਜੱਦੋਜਹਿਦ ਕਰ ਰਹੇ ਹਨ। ਸੂਬੇ ਭਰ ਵਿੱਚ ਤਕਨੀਕੀ ਸਿੱਖਿਆ ਦੀਆਂ 17 ਟਰੇਡਾਂ ਵਿੱਚ 2 ਲੱਖ ਤੋਂ ਵੱਧ ਵਿਦਿਆਰਥੀ ਹਨ।