ਸਾਹਿਤਕ ਪੱਤਰਕਾਰੀ ਦਾ ਥੰਮ੍ਹ ਸੀ ਜਗਜੀਤ ਸਿੰਘ ਆਨੰਦ
ਡਾ. ਗੁਰਨਾਇਬ ਸਿੰਘ
ਤਰੰਨਵੇਂ ਸਾਲ, ਪੰਜ ਮਹੀਨੇ, ਬਾਈ ਦਿਨ ਉਮਰ ਭੋਗਣ ਵਾਲੇ ‘ਕਾਮਰੇਡ ਆਨੰਦ’ ਸ਼ਬਦਾਂ ਨਾਲ ਪਰਿਭਾਸ਼ਤ ਬੰਦੇ ਦਾ ਪੂਰਾ ਨਾਮ ਕਾਮਰੇਡ ਜਗਜੀਤ ਸਿੰਘ ਆਨੰਦ ਸੀ। ਉਹ 19 ਜੂਨ, 2015 ਈ. ਤੱਕ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦਾ ਮੁੱਖ ਸੰਪਾਦਕ ਸੀ। ਰਾਜਨੀਤੀ ਵਿਚ ਸਥਾਪਤੀ ਉਸ ਨੂੰ ਇਸ ਅਖਬਾਰ ਦੀ ਸੰਪਾਦਨਾ ਵਜੋਂ ਹੀ ਪ੍ਰਾਪਤ ਹੋਈ ਸੀ। ਇਸ ਖੇਤਰ ਵਿਚ ਉਸ ਨੇ 1942 ਈ. ਦੇ ਨੇੜੇ ਤੇੜੇ ਪ੍ਰਵੇਸ਼ ਪਾਇਆ ਸੀ। ਉਸ ਵੇਲੇ ਉਸ ਨੂੰ ਸੀ.ਪੀ.ਆਈ ਦੇ ਹਫਤਾਵਾਰੀ ਅਖਬਾਰ ‘ਜੰਗਿ ਆਜ਼ਾਦੀ’ ਦੀ ਸੰਪਾਦਨਾ ਦਾ ਕਾਰਜ ਸੌਂਪਿਆ ਗਿਆ ਸੀ। ਸਾਲ 1951 ਵਿਚ ਇਸ ਪਾਰਟੀ ਨੇ ਉਰਦੂ ਅਖਬਾਰ ਨਇਆ ਜ਼ਮਾਨਾ ਨੂੰ ਪੰਜਾਬੀ ਭਾਸ਼ਾ ਵਿਚ ਰੋਜ਼ਾਨਾ ‘ਨਵਾਂ ਜ਼ਮਾਨਾ’ ਦਾ ਰੂਪ ਦੇ ਕੇ ਜਲੰਧਰ ਤੋਂ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਆਨੰਦ ਨੂੰ ਇਸ ਦੀ ਸੰਪਾਦਨਾ ਦਾ ਕਾਰਜ ਸੌਂਪਿਆ ਗਿਆ ਸੀ। ਉਹ ਪੱਤਰਕਾਰ ਤੇ ਸੰਪਾਦਕ ਵਜੋਂ ਇਸ ਅਖਬਾਰ ਦੀ ਪਛਾਣ ਹੀ ਬਣ ਗਿਆ ਸੀ। ਇਹ ਅਖਬਾਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਉਸ ਦੀ ਵਿਸ਼ੇਸ਼ ਪ੍ਰਾਪਤੀ ਹੈ।
ਪਿਛਲੇ ਪੰਜ ਸਾਲਾਂ ਤੋਂ ਆਨੰਦ ਦੀ ਕਲਮ ਉਮਰ ਦੇ ਖਿਆਲ ਅਧੀਨ ਲਿਖਣੋਂ ਅਸਮਰਥ ਹੋ ਗਈ ਸੀ ਪਰ ਇਸ ਕਲਮ ਵਲੋਂ ਲਿਖੇ ਅੱਖਰਾਂ ਦਾ ਲੇਖਾ ਲਾਉਣਾ ਆਪਣੇ ਆਪ ਵਿਚ ਹੀ ਅਾਨੰਦਮਈ ਸਾਹਿਤਕ ਕਾਰਜ ਹੈ।
ਜਗਜੀਤ ਸਿੰਘ ਆਨੰਦ ਨੇ ਪੰਜਾਬੀ ਸਾਹਿਤ ਅੰਦਰ ਅਖਬਾਰਨਵੀਸੀ ਨਾਲ ਪ੍ਰਵੇਸ਼ ਕੀਤਾ ਸੀ। ਗੁਰਦੁਆਰਾ ਸ਼ਹੀਦਗੰਜ ਲਾਹੌਰ ਵਾਲੇ ਸੰਘਰਸ਼ ਦੀ ਅਦਾਲਤੀ ਜਿੱਤ ਉਤੇ ਲਿਖੇ ਅਖ਼ਬਾਰੀ ਲੇਖ ਦੇ ਅਕਾਲੀ ਪੱਤ੍ਰਿਕਾ ਅਖ਼ਬਾਰ ਵਿਚ ਪ੍ਰਕਾਸ਼ਤ ਹੋਣ ਨਾਲ ਉਸ ਦਾ ਪੱਤਰਕਾਰੀ ਵਾਲਾ ਸਫ਼ਰ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਗਿਆਨੀ ਲਾਲ ਸਿੰਘ ਵੱਲੋਂ ਸੰਪਾਦਤ ਮੈਗਜ਼ੀਨ ‘ਬਾਲਕ’ ਵਿੱਚ ਉਸ ਦੀ ਪਹਿਲੀ ਰਚਨਾ ‘ਸ਼ੇਰ ਆਇਆ’ ਛਪੀ ਸੀ। ਇਹ ਘਟਨਾਵਾਂ ਵੀਹਵੀਂ ਸਦੀ ਦੇ ਚੌਥੇ ਦਹਾਕੇ ਦੀਆਂ ਹਨ।
ਜਗਜੀਤ ਸਿੰਘ ਆਨੰਦ ਦੀ ਪ੍ਰਸਿੱਧੀ ਸਟੇਜੀ ਦੋਭਾਸ਼ੀਏ ਵਜੋਂ ਹੋਈ ਸੀ। ਇਸ ਦਾ ਆਰੰਭ ਪ੍ਰੀਤ ਨਗਰ ਦੀ ਇਕ ਪ੍ਰੀਤ ਮਿਲਣੀ ਵਿਚ ਬੀ.ਪੀ.ਐਲ. ਬੇਦੀ ਦੀ ਆਇਰਸ਼ ਪਤਨੀ ਬੀਬੀ ਫਰੈਡਾ ਦੇ ਭਾਸ਼ਨ ਨੂੰ ਨਾਲੋ ਨਾਲ ਪੰਜਾਬੀ ਵਿਚ ਉਲਥਾਉਣ ਨਾਲ ਸ਼ੁਰੂ ਹੋਇਆ ਸੀ। ਬੀ.ਪੀ.ਐਲ. ਬੇਦੀ ਗੁਰੂ ਨਾਨਕ ਦੇਵ ਦਾ ਅੰਸ਼ਧਾਰੀ ਸੀ। ਇਹ ਘਟਨਾ ਪ੍ਰੀਤ ਨਗਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਨਾਟਕ ‘ਰਾਜਕੁਮਾਰੀ ਲਤਿਕਾ’ ਦੇ ਪ੍ਰਥਮ ਮੰਚਣ ਵੇਲੇ ਵਾਪਰੀ ਸੀ। ਇਸ ਦੀ ਮਿਤੀ ਮਾਰਚ 1943 ਈ. ਹੈ।
ਡਾ. ਗੁਰਨਾਇਬ ਸਿੰਘ
ਜਗਜੀਤ ਸਿੰਘ ਆਨੰਦ ਨੂੰ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਮਾਨਤਾ ਵਿਸ਼ਵ ਅਮਨ ਲਹਿਰ ਨਾਲ ਸਬੰਧਤ ਵਿਸ਼ਵ ਸਾਹਿਤ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਨਾਲ ਮਿਲੀ ਸੀ। ਆਨੰਦ ਨੇ ਪਹਿਲਾ ਅਨੁਵਾਦ ਪੋਲੈਂਡ ਦੀ ਲੇਖਿਕਾ ਵਾਂਦਾ ਵਾਸੀਲਿਉਸਕਾ ਦੇ ਨਾਵਲ ਦਾ ਕੀਤਾ ਸੀ। ਇਸ ਦਾ ਪੰਜਾਬੀ ਨਾਮ ‘ਸਤਰੰਗੀ ਪੀਂਘ’ ਹੈ। ਇਹ 1944 ਈ. ਵਿਚ ਪ੍ਰਕਾਸ਼ਤ ਹੋਇਆ ਸੀ। ਇਸ ਦਾ ਵਿਸ਼ਾ ਦੂਜੀ ਸੰਸਾਰ ਜੰਗ ਦੌਰਾਨ ਸੋਵੀਅਤ ਲੋਕਾਂ ਦੀ ਸਿਦਕ ਭਰੀ ਸ਼ਹਾਦਤ ਹੈ। ਇਸ ਨੇ ਵਿਸ਼ਵ ਅਮਨ ਦਾ ਸੁਨੇਹਾ ਬੁਲੰਦ ਕੀਤਾ ਸੀ। ਉਸ ਨੇ ਇਹ ਅਨੁਵਾਦ ਨਵਤੇਜ ਸਿੰਘ ਨਾਲ ਮਿਲ ਕੇ ਕੀਤਾ ਸੀ। ਬਹੁਤਾ ਕਾਰਜ ਪ੍ਰੀਤ ਨਗਰ ਵਿਚ ਹੋਇਆ ਸੀ। ਆਨੰਦ ਦੇ ਸ਼ਬਦ ਇਸ ਅਨੁਵਾਦ ਦੀਆਂ ਘੜੀਆਂ ਬਾਰੇ ਲਿਖਣ ਵੇਲੇ ਨਸ਼ਿਆਏ ਜਾਂਦੇ ਹਨ ਕਿਉਂਕਿ ਇਨ੍ਹਾਂ ਪਲਾਂ ਦੌਰਾਨ ਹੀ ਉਹ ਆਪਣੀ ਜੀਵਨ ਸਾਥਣ ਉਰਮਿਲਾ ਨਾਲ ਪ੍ਰੇਮਬੰਦ ਹੋ ਗਿਆ ਸੀ। ਉਰਮਿਲਾ ਜਿਹੜੀ ਨਵਤੇਜ ਦੀ ਭੈਣ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਧੀ ਸੀ। ਇਸ ਪ੍ਰਸੰਗ ਹਿੱਤ ਉਸ ਨੇ ਲਿਖਿਆ ਸੀ, ‘’ਫਿਰ ਤਾਂ ਇਕ ਅਜਿਹੇ ਪਿਆਰ ਦਾ ਆਰੰਭ ਹੋਇਆ, ਜਿਸ ਕਾਰਨ ਮੈਂ ਹਰ ਪੰਦਰੀਂ ਦਿਨੀਂ ਪ੍ਰੀਤ ਨਗਰ ਜਾਣ ਲੱਗਾ। ਮੈਨੂੰ ਯਾਦ ਹੈ ਕਿ ਸ੍ਰ. ਗੁਰਬਖ਼ਸ਼ ਸਿੰਘ ਨੂੰ ਮੇਰਾ ਉੱਚੀ ਬੋਲਣਾ ਤੇ ਗੱਲਬਾਤ ਵਿਚ ਅੰਗਰੇਜ਼ੀ ਮਾਰਨਾ ਚੰਗਾ ਨਹੀਂ ਸੀ ਲਗਦਾ ਤੇ ਇਕ ਕੁੱਲਵਕਤੀ ਪੇਸ਼ਾਵਰ ਇਨਕਲਾਬੀ ਦੇ ਜੀਵਨ ਦਾ ਆਰਥਿਕ ਪਹਿਲੂ ਤੋਂ, ਮੇਰਾ ਭਵਿੱਖ ਵੀ ਹਨੇਰਾ ਲਗਦਾ ਸੀ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਰਮਿਲਾ ਤੇ ਮੈਂ ਆਪਣੇ ਫੈਸਲੇ ਵਿਚ ਦ੍ਰਿਡ਼੍ਹ ਸਾਂ, ਉਨ੍ਹਾਂ ਇਕ ਤਾਂ ਮਾਤਾ ਜੀ ਨੂੰ ਮਨਾ ਸਕਣ ਲਈ ਸਮਾਂ ਮੰਗਿਆ ਤੇ ਦੂਜੇ ਕਿਹਾ ਕਿ ਮੈਂ ਆਪਣੇ ਪਿਤਾ ਜੀ ਨੂੰ ਰਾਜ਼ੀ ਕਰਕੇ ਉਨ੍ਹਾਂ ਪਾਸੋਂ ਬਾਕਾਇਦਾ ਚਿੱਠੀ ਲਿਖਵਾਵਾਂ। ਜਵਾਨ ਹੁੰਦੀ ਧੀ ਨਾਲ ਵਿਚਾਰ ਨਿਬੰਧ ਉਰਮਿਲਾ ਦੀ ਤੇ ਮੇਰੀ ਦੋਸਤੀ ਦੇ ਚਾਣਚੱਕ ਉਨ੍ਹਾਂ ਸਾਹਮਣੇ ਆਉਣ ਦੇ ਪ੍ਰਭਾਵ ਹੇਠ ਹੀ ਲਿਖਿਆ ਗਿਆ ਸੀ ਤੇ ਸਾਡੀ ਬੋਲੀ ਵਿਚ ਇਸ ਵਿਸ਼ੇ ਉੱਤੇ ਉਸ ਸਮੇਂ ਅਜਿਹੀ ਖੁੱਲ੍ਹੀ ਲਿਖਤ ਲਿਖ ਸਕਣਾ ਸਾਹਸ ਦੀਆਂ ਨਵੀਆਂ ਸਿਖਰਾਂ ਛੋਹਣ ਦੇ ਤੁਲ ਸੀ।’’ ਆਨੰਦ ਦਾ ਵਿਆਹ 21 ਮਾਰਚ, 1951 ਈ. ਨੂੰ ਹੋਇਆ ਸੀ।
ਆਨੰਦ ਨੇ ਦਰਜਨ ਦੇ ਕਰੀਬ ਪੁਸਤਕਾਂ ਅਨੁਵਾਦ ਕੀਤੀਆਂ। ਉਸ ਵਲੋਂ ਕੀਤੇ ਅਨੁਵਾਦ ਕਾਰਜ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਹਿੱਤ ਇਹ ਮਹੱਤਵ ਹੈ ਕਿ ਉਸ ਨੇ ਮਾਰਕਸਵਾਦ ਦੀ ਪਰਿਭਾਸ਼ਕ ਸ਼ਬਦਾਵਲੀ ਨੂੰ ਪੰਜਾਬੀ ਭਾਸ਼ਾ ਵਿਚ ਉਲਥਾਇਆ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਇਸ ਸਮਰੱਥ ਬਣਾਇਆ ਕਿ ਉਹ ਇਸ ਸਿਧਾਂਤ ਨੂੰ ਸੋਹਜ ਤੇ ਸਹਿਜ ਨਾਲ ਪੰਜਾਬੀ ਪਾਠਕਾਂ ਦੇ ਦਿਲ ਦਿਮਾਗ ਅੰਦਰ ਸੰਚਾਰਤ ਕਰ ਸਕੇ। ਇਹ ਅਨੁਵਾਦ ਬਹੁਤ ਸਲਾਹੇ ਗਏ ਸਨ।
ਜਗਜੀਤ ਸਿੰਘ ਆਨੰਦ ਨੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪੁਸਤਕ ਰੂਪ ਵਿਚ ਸੰਪਾਦਤ ਕੀਤਾ ਸੀ। ਇਹ ਸੰਪਾਦਨਾ ਪੰਜਾਬ ਵਿਚ ਚੱਲੇ ਵਿਚਾਰਧਾਰਕ ਵਾਦ ਵਿਵਾਦ ਦਾ ਸੰਵਾਦੀ ਰੂਪ ਹੈ ਜਿਸ ਦਾ ਮੰਤਵ ਪੰਜਾਬੀ ਚੇਤਨਾ ਨੂੰ ਸੰਕੀਰਨ ਫਿਰਕੂ ਸੋਚ ਦੇ ਸਾਏ ਤੋਂ ਸੰਭਲ ਕੇ ਵਿਕਸਤ ਹੁੰਦੇ ਜਾਣ ਦੇ ਮਾਰਗ ਉਤੇ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਹ ਕਠਿਨ ਕਾਰਜ ਸੀ ਕਿਉਂਕਿ ਫਿਰਕੂ ਸੋਚ ਵਿਪੱਖ ਨੂੰ ਸੰਵਾਦ ਨਾਲ ਨਹੀਂ ਏ.ਕੇ. ਸੰਤਾਲੀ ਨਾਲ ਚਿੱਤ ਕਰਨ ਦੀ ਵਿਧੀ ਵਿਚ ਹੀ ਵਿਸ਼ਵਾਸ਼ ਰੱਖਦੀ ਸੀ। ਇਸ ਤਰ੍ਹਾਂ ਇਹ ਸੰਪਾਦਨਾ ਸੱਚ ਦੀ ਖੋਜ ਵਾਸਤੇ ਸ਼ਹਾਦਤੀ ਚਾਅ ਦੀ ਮੰਗ ਕਰਦੀ ਸੀ।
ਇਸ ਹਵਾਲੇ ਨਾਲ ਜਗਜੀਤ ਸਿੰਘ ਆਨੰਦ ਨੇ ਤਿੰਨ ਪੁਸਤਕਾਂ ਦਾ ਸੰਪਾਦਨ ਕੀਤਾ ਸੀ। ਇਨ੍ਹਾਂ ਦੇ ਨਾਮ ਇਹ ਹਨ : ਪੰਜਾਬ ਦੀ ਤ੍ਰਾਸਦੀ (ਸਤੰਬਰ 1984), ਸਮੇਂ ਦੇ ਸੂਰਮੇ (1986), ਪੰਜਾਬ ਸਮੱਸਿਆ ਦੇ ਸਨਮੁਖ (ਪੰਜਾਬੀ ਤੇ ਅੰਗਰੇਜ਼ੀ 1991)।
ਜਗਜੀਤ ਸਿੰਘ ਆਨੰਦ ਵੱਲੋਂ ਪੰਜਾਬੀ ਵਿਦਵਤਾ ਅੰਦਰ ਮਾਰਕਸਵਾਦ ਦੇ ਪ੍ਰਵੇਸ਼ ਦੀ ਸ਼ਨਾਖ਼ਤ ਵਾਸਤੇ ਦੋ ਵਿਲੱਖਣ ਪੁਸਤਕਾਂ ਸੰਪਾਦਤ ਕੀਤੀਆਂ ਗਈਆਂ ਸਨ। ਇਹ ਪੁਸਤਕਾਂ ਵਲਾਦੀਮੀਰ ਇਲੀਅਚ ਲੈਨਿਨ ਦੇ ਹਵਾਲੇ ਨਾਲ ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਦੇ ਨਾਮ ਹਨ : ਕਿਰਨਾਂ ਦਾ ਕਾਫ਼ਲਾ ਅਤੇ ਸੂਝ ਸੰਚਾਰ। ਲੈਨਿਨ ਮਾਰਕਸਵਾਦ ਦੇ ਪ੍ਰਥਮ ਅਮਲੀ ਪ੍ਰਕਾਸ਼ ਦਾ ਨਾਮ ਹੈ। ਇਤਿਹਾਸ ਨੇ ਉਸ ਦੀ ਰਚਨਾ ਨੂੰ ਅਕਤੂਬਰ ਇਨਕਲਾਬ ਦੇ ਸ਼ਬਦ ਨਾਲ ਸੰਭਾਲਿਆ ਹੈ। ਇਹ ਪੁਸਤਕਾਂ ਉਸ ਨਾਲ ਪੰਜਾਬ ਦੇ ਵਿਵੇਕੀ ਰਿਸ਼ਤੇ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਨ੍ਹਾਂ ਵਿਚ ਪੰਜਾਬੀ ਲੇਖਕਾਂ ਵੱਲੋਂ ਲੈਨਿਨ ਬਾਰੇ ਲਿਖੀਆਂ ਕੁੱਲ ਤੇਤੀ ਲਿਖਤਾਂ ਹਨ। ਪਹਿਲੀ ਪੁਸਤਕ ਦਾ ਰੂਪ ਕਵਿਤਾ ਹੈ ਅਤੇ ਦੂਜੀ ਦਾ ਨਿਬੰਧ। ਇਹ ਦੋਵੇਂ ਅਪਰੈਲ 1970 ਈ. ਵਿਚ ਪ੍ਰਕਾਸ਼ਤ ਹੋਈਆਂ ਸਨ।
ਜਗਜੀਤ ਸਿੰਘ ਆਨੰਦ ਅੰਦਰ ਵਸਦੀ ਸਾਹਿਤਕ ਸਮਰੱਥਾ ਨੂੰ ਪੰਜਾਬੀ ਸਾਹਿਤਕ ਤੇ ਬੌਧਿਕ ਹਲਕਿਆਂ ਨੇ ਪ੍ਰਵਾਨ ਕੀਤਾ ਸੀ। ਇਸ ਸੰਦਰਭ ਵਿਚ ਉਸ ਵੱਲੋਂ ਵਿਭਿੰਨ ਰੂਪਾਂ ਵਿਚ ਲਿਖੀਆਂ ਲਿਖਤਾਂ ਦਾ ਸੰਗ੍ਰਹਿ ਸੂਝ ਦਾ ਸਫਰ ਸਾਲ 1974 ਵਿਚ ਪ੍ਰਕਾਸ਼ਤ ਹੋਇਆ ਸੀ। ਇਸ ਦਾ ਮੁੱਖਬੰਧ ਡਾ. ਅਤਰ ਸਿੰਘ ਨੇ ਲਿਖਿਆ ਸੀ। ਇਸ ਲਿਖਤ ਵੇਲੇ ਜਗਜੀਤ ਸਿੰਘ ਆਨੰਦ ਦੇ ਜੀਵਨ ਵਿਚ ਇੱਕ ਹੋਰ ਘਟਨਾ ਘਟੀ ਸੀ। ਉਹ 1974 ਈ. ਵਿਚ ਮੈਂਬਰ ਪਾਰਲੀਮੈਂਟ ਰਾਜ ਸਭਾ (ਐਮ.ਪੀ) ‘ਜਾ ਬਣਿਆ’ ਸੀ।
ਉਪਰੋਕਤ ਲਿਖਤਾਂ ਉਪਰੰਤ ਉਸ ਨੇ ਪ੍ਰਸਿੱਧ ਕਾਵਿ ਰਚਨਾ ‘ਮਰਿਆ ਨਹੀਂ ਤੂੰ ਮਿਰਗੂ ਯਾਰਾ’ ਦੀ ਰਚਨਾ ਕੀਤੀ ਜਿਸਦਾ ਰਚਨਾ ਸਥਾਨ ਤੇ ਸਮਾਂ ਕੇਂਦਰੀ ਕਲਿਨਿਕ, ਮਾਸਕੋ, ਛੇ ਜਨਵਰੀ ਉੱਨੀ ਸੌ ਛਿਆਸੀ (1986) ਹੈ। ਸਾਹਿਤਕ ਖੂਬੀਆਂ ਵਾਲੀਆਂ ਲਿਖਤਾਂ ਦਾ ਇਕ ਹੋਰ ਸੰਗ੍ਰਹਿ ਚੇਤੇ ਦੀ ਚੰਗੇਰ ਉਸ ਨੇ 1991 ਈ. ਵਿਚ ਪ੍ਰਕਾਸ਼ਤ ਕੀਤਾ ਸੀ। ਉਸ ਦੀਆਂ ਸਾਹਿਤਕ ਮੁੱਲ ਵਾਲੀਆਂ ਦੋ ਹੋਰ ਅਹਿਮ ਲਿਖਤਾ ਦੇ ਨਾਮ ਇਹ ਹਨ : ਨਵਾਂ ਨਿਆਰਾ ਜਰਮਨੀ (ਸਫ਼ਰਨਾਮਾ) ਅਤੇ ਜਰਮਨ ਲੇਖਕ ਐਰਵਿਨ ਸਟ੍ਰਿਟਮੈਟਰ ਦੇ ਜੀਵਨ ਅਤੇ ਲਿਖਤਾਂ ਬਾਰੇ ਆਲੋਚਨਾਤਮਕ ਪੁਸਤਕ ਰੰਗ ਤਰੰਗ।
ਜਗਜੀਤ ਸਿੰਘ ਆਨੰਦ ਦੀ ਜਨਮ ਤਾਰੀਖ਼ 28 ਦਸੰਬਰ 1921 ਈ. ਹੋਇਆ ਸੀ। ਉਸ ਦਾ ਦਾਦਕਾ ਕਸਬਾ ਤਰਨਤਾਰਨ ਸੀ। ਸਕੂਲ ਦੀ ਪੜ੍ਹਾਈ ਉਪਰੰਤ ਉਹ ਕਾਲਜ ਦੀ ਪੜ੍ਹਾਈ ਵਾਸਤੇ ਲਾਹੌਰ ਗਿਆ। ਉਥੇ ਉਹ ਵਿਦਿਆਰਥੀ ਲਹਿਰ ਨਾਲ ਜੁੜ ਕੇ 1938 ਈ. ਵਿਚ ਸੀ.ਪੀ.ਆਈ ਵਿਚ ਸ਼ਾਮਲ ਹੋ ਗਿਆ ਸੀ। ਉਸਨੇ ਆਪਣਾ ਕਾਰਜ ਕੇਂਦਰ ਸ਼ਹਿਰ ਜਲੰਧਰ ਨੂੰ ਬਣਾਇਆ ਸੀ।
ਆਨੰਦ ਦੇ ਦੋ ਬੱਚੇ ਹਨ। ਧੀ ਦਾ ਨਾਮ ਸੁਅੰਗਨਾ ਹੈ ਅਤੇ ਬੇਟੇ ਦਾ ਸੁਕੀਰਤ। ਬੇਟਾ ਹੋਰ ਖ਼ੂਬੀਆਂ ਸਮੇਤ ਪੰਜਾਬੀ ਲੇਖਕ ਵੀ ਹੈ। ਬੇਟੀ ਦੇ ਪਤੀ ਦਾ ਨਾਮ ਡਾ. ਚਰਨਜੀਤ ਸਿੰਘ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਪ੍ਰੋਫ਼ੈਸਰ ਹੈ। ਬੇਟੀ ਦਾ ਨਾਂ ਕੰਦਲਾ ਤੇ ਬੇਟੇ ਦਾ ਨਾਂ ਸੁਹਿਰਦ ਹੈ। ਸੁਕੀਰਤ ਬਿਹੰਗਮ ਜੀਵਨ ਸ਼ੈਲੀ ਦਾ ਧਾਰਨੀ ਹੈ, ਇਸ ਲਈ ਆਨੰਦ ਦੰਪਤੀ ਨੇ ਸਿਰਫ ਨਾਨਾ ਨਾਨੀ ਹੋਣ ਦਾ ਸੁਖ ਹੀ ਮਾਣਿਆ। ਬੀਵੀ ਉਰਮਿਲਾ ਆਨੰਦ 14 ਮਾਰਚ 2013 ਈ. ਨੂੰ ਮੌਤ ਨੂੰ ਪਿਆਰੀ ਹੋ ਗਈ ਸੀ।
ਆਨੰਦ ਦਾ ਪਰਿਵਾਰਕ ਪਿਛੋਕੜ ਪੰਜਾਬੀ ਸਿੱਖ ਘਰਾਣੇ ਨਾਲ ਸਬੰਧਤ ਸੀ। ਉਸ ਦਾ ਪਿਤਾ ਮਾਸਟਰ ਮਹਿਤਾਬ ਸਿੰਘ ਆਪਣੇ ਵੇਲੇ ਦੀ ਮੰਨੀ ਪ੍ਰਮੰਨੀ ਸਿੱਖ ਸਖ਼ਸ਼ੀਅਤ ਸੀ ਜਿਸ ਦੀ ਇਕ ਧੀ ਕੁਲਵੰਤ ਕੌਰ ਭਾਰਤ ਦੀ ਕਿਸੇ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਡਾ. ਸੁਰਿੰਦਰ ਸਿੰਘ ਕੋਹਲੀ ਨਾਲ ਵਿਆਹੀ ਹੋਈ ਸੀ। ਮਾਸਟਰ ਮਹਿਤਾਬ ਸਿੰਘ ਦਾ ਜੱਜ ਪੁੱਤਰ ਪ੍ਰੀਤਮ ਸਿੰਘ ਸਫ਼ੀਰ ਪੰਜਾਬੀ ਦੇ ਰਹੱਸਵਾਦੀ ਕਵੀ ਵਜੋਂ ਪ੍ਰਵਾਨਿਆ ਗਿਆ ਅਤੇ ਦੂਜਾ ਪੁੱਤਰ ਜਗਜੀਤ ਸਿੰਘ ਆਨੰਦ ਕਾਮਰੇਡ ਸ਼ਬਦ ਨਾਲ ਪਰਿਭਾਸ਼ਤ ਹੋਇਆ।
ਵਿਦਿਆਰਥੀ ਜੀਵਨ ਦੇ ਦਿਨਾਂ ਵਿਚ ਜਗਜੀਤ ਸਿੰਘ ਆਨੰਦ ਨੇ ਗੁਪਤਵਾਸ ਦੌਰਾਨ 72 ਸਫੇ ਦੀ ਲਿਖਤ ਤਿਆਰ ਕੀਤੀ ਜਿਸ ਦਾ ਨਾਮ ‘ਸਿੱਖੀ ਤੇ ਕਮਿਊਨਿਜ਼ਮ’ ਧਰਿਆ। ਆਨੰਦ ਨੇ ਉਸ ਵਿਚ ਸਿੱਖੀ ਤੇ ਕਮਿਊਨਿਜ਼ਮ ਦੀ ਸਾਂਝ ਲੱਭਣ ਦਾ ਯਤਨ ਕੀਤਾ। ਪਰ ਇਸ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਆਖੇ ਰੱਦ ਕਰ ਦਿੱਤਾ ਸੀ। ਇਸ ਦਾ ਉਸਨੂੰ ਡਾਢਾ ਅਫਸੋਸ ਵੀ ਰਿਹਾ। ਪਰ ਸਮੇਂ ਦਾ ਵਿਅੰਗ ਇਹ ਹੈ ਕਿ ਜਗਜੀਤ ਸਿੰਘ ਆਨੰਦ ਨੂੰ ਸਭ ਤੋਂ ਵੱਧ ਜੱਦੋ-ਜਹਿਦ ਸਮਕਾਲੀ ਸਿੱਖ ਰਾਜਨੀਤੀ ਦੇ ਖਿਲਾਫ ਹੀ ਕਰਨੀ ਪਈ। ਇਸ ਰਾਜਨੀਤੀ ਦੇ ਦਹਿਸ਼ਤੀ ਰੂਪ ਨੇ ਉਸਦੇ ਦੇਹੀ ਰੂਪ ਨੂੰ ਹੀ ਭਸਮ ਕਰ ਦੇਣ ਦੇ ਕਈ ਯਤਨ ਕੀਤੇ। ਉਸ ਨੂੰ ਕਈ ਢੰਗਾਂ ਨਾਲ ਧਮਕਾ ਕੇ ਇਸ ਖਿਲਾਫ ਬੋਲਣ ਤੇ ਲਿਖਣ ਤੋਂ ਆਪਣੀ ਜੀਭ ਤੇ ਕਲਮ ਨੂੰ ਠਾਕ ਲੈਣ ਸਬੰਧੀ ਹੁਕਮਨਾਮੇ ਵੀ ਘੱਲੇ। ਸ਼ਾਇਦ ਇਹ ਉਸੇ ਸੋਚ ਦੇ ਪਨਪਨ ਦਾ ਖੌਫ਼ਨਾਕ ਸਿੱਖੀ ਰੂਪ ਸੀ ਜਿਹੜਾ ਬਚਪਨ ਵਿਚ ਪਿਤਾ ਮਹਿਤਾਬ ਸਿੰਘ ਦੀ ਚਪੇੜ ਬਣ ਬਾਲ ਆਨੰਦ (1928 ਈ.) ਦੀ ਗੱਲ੍ਹ ਉਤੇ ਵੱਜਾ ਸੀ। ਸੱਤਾਂ ਸਾਲਾਂ ਦੇ ਬਾਲ ਜਗਜੀਤ ਸਿੰਘ ਆਨੰਦ ਦਾ ਕਸੂਰ ਐਨਾ ਹੀ ਸੀ ਕਿ ਉਸਦਾ ਪੈਰ ਗੁਰਮੁਖੀ ਲਿੱਪੀ ਦੇ ਪੰਜਾਬੀ ਅਖ਼ਬਾਰ ਅਸਲੀ ਤੇ ਕੌਮੀ ਦਰਦ ਉਤੇ ਅਭੋਲ ਹੀ ਟਿਕ ਗਿਆ ਸੀ। ਵਿਚਾਰਨ ਵਾਲੀ ਗੱਲ ਇਹ ਹੈ ਕੀ ਆਨੰਦ ਦੀਆਂ ਸਾਰੀਆਂ ਲਿਖਤਾਂ ਅਤੇ ਕੁਲ ਰਾਜਨੀਤਕ ਜੀਵਨ ਕਿਤੇ ਇਸੇ ਕਸੂਰ ਦਾ ਉੱਤਰ ਲੱਭਣ ਦੀ ਬੌਧਿਕ ਉਦਾਸੀ ਹੀ ਤਾਂ ਨਹੀਂ ਸੀ?
ਆਨੰਦ ਕੇਸਾਧਾਰੀ ਸੀ। ਉਹ ਪੱਗ ਬੰਨ੍ਹਦਾ ਸੀ। ਡੋਰੀ ਪਾ ਦਾੜ੍ਹੀ ਚੜ੍ਹਾਉਂਦਾ ਸੀ। ਉਸਦਾ ਰੰਗ ਗੋਰਾ ਸੀ। ਉਹ ਚੌੜੇ ਸ਼ੀਸ਼ੀਆਂ ਵਾਲੀ ਨਿਗਾਹ ਦੀ ਐਨਕ ਲਾਉਂਦਾ ਸੀ। ਉਸ ਨੇ ਸਾਰੀ ਉਮਰ ਦਾੜ੍ਹੀ ਕਾਲੀ ਹੀ ਰੱਖੀ। ਆਨੰਦ ਦਾ ਕੱਦ ਛੇ ਫੁੱਟ ਤੋਂ ਚਾਰ ਕੁ ਇੰਚ ਘੱਟ ਸੀ।
ਜਗਜੀਤ ਸਿੰਘ ਆਨੰਦ ਦਾ ਜੀਵਨ ਸੰਗਰਾਮ ਪੰਜਾਬ ਅੰਦਰ ਮਾਰਕਸਵਾਦ ਦੀ ਯਾਤਰਾ ਦਾ ਹਵਾਲਾ ਸੀ। ਇਹ ਵਿਚਾਰਧਾਰਕ ਯਾਤਰਾ ਉਸਦੀਆਂ ਲਿਖਤਾਂ ਦਾ ਸ੍ਰੋਤ ਤੇ ਪ੍ਰੇਰਨਾ ਬਿੰਦੂ ਸੀ। ਪੰਜਾਬੀ ਸਾਹਿਤ ਨੂੰ ਮਾਰਕਸਵਾਦ ਦੇ ਹਵਾਲੇ ਨਾਲ ਸਮਝਣ ਵਾਸਤੇ ਇਨ੍ਹਾਂ ਦਾ ਯੋਗ ਮਹੱਤਵ ਹੈ। ਇਨ੍ਹਾਂ ਅੰਦਰ ਵਸਦੀ ਸਾਹਿਤਕ ਕਲਾ ਵੀ ਉਨ੍ਹਾਂ ਨੂੰ ਸਾਰਥਕਤਾ ਬਖ਼ਸ਼ਦੀ ਹੈ।