ਮਰਿਆਦਾ ਦੀ ਉਲੰਘਣਾ: ਸਾਬਕਾ ਅਕਾਲੀ ਮੰਤਰੀ ਦੇ ਘਰੋਂ ਪਾਵਨ ਸਰੂਪ ਗੁਰਦੁਆਰਾ ਰਾਮਸਰ ਲਿਆਂਦਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੁਲਾਈ
ਸਥਾਨਕ ਰਣਜੀਤ ਐਵਨਿਊ ਵਿੱਚ ਇੱਕ ਘਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਸਾਂਭ ਸੰਭਾਲ ਪੱਖੋਂ ਮਰਿਆਦਾ ਦੀ ਉਲੰਘਣਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦੇ ਗੁਰਦੁਆਰਾ ਰਾਮਸਰ ਵਿਖੇ ਲੈ ਆਏ ਹਨ। ਇਹ ਘਰ ਸਾਬਕਾ ਅਕਾਲੀ ਮੰਤਰੀ ਦਾ ਦੱਸਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦੇ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਰਣਜੀਤ ਐਵਨਿਊ ਸਥਿਤ ਘਰ ਵਿੱਚ ਗਏ ਸਨ। ਉਨ੍ਹਾਂ ਕਿਹਾ ਕਿ ਸਾਂਭ ਸੰਭਾਲ ਪੱਖੋਂ ਕੁਝ ਖਾਮੀਆਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਪਾਵਨ ਸਰੂਪ ਨੂੰ ਮਾਣ-ਸਨਮਾਨ ਸਹਿਤ ਗੁਰਦੁਆਰਾ ਰਾਮਸਰ ਵਿਖੇ ਲਿਆਂਦਾ ਗਿਆ ਹੈ।
ਕੀ ਇਹ ਘਰ ਸਾਬਕਾ ਅਕਾਲੀ ਮੰਤਰੀ ਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਕਿਉਂਕਿ ਘਰ ਵਿੱਚ ਕੋਈ ਨਹੀਂ ਸੀ ਪਰ ਪਾਵਨ ਸਰੂਪ ਦੀ ਸਾਂਭ ਸੰਭਾਲ ਵਾਸਤੇ ਉਥੇ ਗ੍ਰੰਥੀ ਦਾ ਪ੍ਰਬੰਧ ਕੀਤਾ ਹੋਇਆ ਸੀ।
ਪੁਲੀਸ ਦੇ ਏਡੀਸੀਪੀ ਹਰਪਾਲ ਸਿੰਘ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਸਬੰਧਤ ਘਰ ਵਿੱਚ ਪੁੱਜੀ ਸੀ। ਉਪਰੰਤ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਏ ਪ੍ਰਚਾਰਕ ਅਤੇ ਹੋਰ ਪ੍ਰਤੀਨਿਧ ਪਾਵਨ ਸਰੂਪ ਨੂੰ ਗੁਰਦੁਆਰਾ ਰਾਮਸਰ ਵਿਖੇ ਲੈ ਗਏ ਹਨ।
ਜਾਣਕਾਰੀ ਮੁਤਾਬਕ ਪਾਵਨ ਸਰੂਪ ਦੀ ਸਾਂਭ ਸੰਭਾਲ ਪੱਖੋਂ ਖਾਮੀਆਂ ਸਾਹਮਣੇ ਆਈਆਂ ਹਨ ਜਿਸ ਤਹਿਤ ਉੱਥੇ ਸਾਫ ਸਫਾਈ ਦੀ ਘਾਟ ਸੀ। ਪਾਵਨ ਸਰੂਪ ਦੇ ਪ੍ਰਕਾਸ਼ ਸਥਾਨ ਵਾਲੇ ਉੱਪਰ ਲੱਗੇ ਚੰਦੋਏ ਵਿੱਚੋਂ ਪੱਖੇ ਦੀ ਰਾਡ ਕੱਢ ਕੇ ਉਸ ਨੂੰ ਲਗਾਇਆ ਹੋਇਆ ਸੀ। ਸ਼ਿਕਾਇਤਕਰਤਾ ਟੀਮ ਨੇ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ।