ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ’ਤੇ ਮੁੜ ਛਾਪਾ
ਵਿਜੀਲਸ ਬਿਊਰੋ ਪੰਜਾਬ ਦੀ ਟੀਮ ਨੇ ਅੱਜ ਇੱਥੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ’ਤੇ ਮੁੜ ਛਾਪਾ ਮਾਰਿਆ ਅਤੇ ਘਰ ਵਿੱਚ ਜਾਂਚ ਪੜਤਾਲ ਕੀਤੀ ਹੈ।
ਵਿਜੀਲੈਂਸ ਵਿਭਾਗ ਦੀ ਟੀਮ ਕਰੀਬ ਤਿੰਨ ਤੋਂ ਚਾਰ ਘੰਟੇ ਇਥੇ ਰਹੀ ਅਤੇ ਘਰ ਵਿੱਚ ਜਾਂਚ ਪੜਤਾਲ ਕੀਤੀ ਗਈ। ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਘਰ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਜਾਂਚ ਪੜਤਾਲ ਮੁਕੰਮਲ ਹੋਣ ਮਗਰੋਂ ਸ੍ਰੀ ਮਜੀਠੀਆ ਦੇ ਵਕੀਲਾਂ ਦੀ ਟੀਮ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਵਿਜੀਲੈਂਸ ਦੀ ਟੀਮ ਵੱਲੋਂ ਅੱਜ ਮੁੜ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਵਿੱਚ ਜਾਂਚ ਪੜਤਾਲ ਕੀਤੀ ਗਈ ਹੈ। ਇਹ ਟੀਮ ਲਗਪਗ 11 ਵਜੇ ਪੁੱਜੀ ਅਤੇ ਦੇਰ ਤੱਕ ਜਾਂਚ ਦਾ ਕੰਮ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਤੇ ਇਸ ਟੀਮ ਨੇ ਘਰ ਦੀ ਪੈਮਾਇਸ਼ ਕੀਤੀ ਹੈ, ਇਸ ਤੋਂ ਇਲਾਵਾ ਚੱਲ ਤੇ ਅਚੱਲ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਘਰ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ। ਵਕੀਲਾਂ ਨੇ ਦੱਸਿਆ ਕਿ ਪਹਿਲਾਂ ਵੀ ਜਦੋਂ ਛਾਪਾ ਮਾਰਿਆ ਗਿਆ ਸੀ ਤਾਂ ਉਸ ਵੇਲੇ ਵੀ ਕੋਈ ਵੀ ਇਤਰਾਯਯੋਗ ਚੀਜ਼ ਨਹੀਂ ਮਿਲੀ ਸੀ। ਅੱਜ ਦੀ ਇਹ ਜਾਂਚ ਪੜਤਾਲ ਵੀ ਇਸੇ ਮਾਮਲੇ ਦਾ ਹੀ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਮਜੀਠੀਆ ਦੀ ਜ਼ਮਾਨਤ ਸਬੰਧੀ ਅਰਜ਼ੀ ਮੁਹਾਲੀ ਦੀ ਅਦਾਲਤ ਵਿੱਚ ਲਗਾਈ ਜਾ ਰਹੀ ਹੈ।
ਦੱਸਣ ਯੋਗ ਹੈ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਪਹਿਲਾਂ ਵੀ ਸ੍ਰੀ ਮਜੀਠੀਆ ਦੀ ਗਰੀਨ ਐਵੇਨਿਊ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ ਅਤੇ ਲੰਮਾ ਸਮਾਂ ਜਾਂਚ ਕਰਨ ਮਗਰੋਂ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਸਨ। ਮਜੀਠੀਆ ਇਸ ਵੇਲੇ ਨਿਆਂਇਕ ਹਿਰਾਸਤ ਤਹਿਤ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਵਿਜੀਲੈਂਸ ਵੱਲੋਂ ਅਕਾਲੀ ਆਗੂ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਨਸ਼ਿਆਂ ਦੀ ਆਮਦਨ ਤੋਂ ਜਾਇਦਾਦ ਬਣਾਉਣ ਦੇ ਦੋਸ਼ ਲਾਏ ਗਏ ਹਨ।