ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਮੌਤ
ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿਚਲੇ ਘਰ ਦੇ ਬਾਹਰ ਸੈਰ ਕਰਦਿਆਂ ਵਾਹਨ ਨੇ ਫੇਟ ਮਾਰੀ
ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਮੈਰਾਥਨ ਤੇ ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਅੱਜ ਇਥੇ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਉਹ 114 ਸਾਲਾਂ ਦੇ ਸਨ। ਜਾਣਕਾਰੀ ਅਨੁਸਾਰ ਅੱਜ ਦੁਪਹਿਰੇ 3 ਵਜੇ ਦੇ ਕਰੀਬ ਫੌਜਾ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿਚਲੇ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਜਦੋਂ ਇਕ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ।
ਫੌਜ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ’ਚ 1 ਅਪਰੈਲ 1911 ਨੂੰ ਹੋਇਆ। ਫੌਜਾ ਸਿੰਘ ਪੜ੍ਹੇ-ਲਿਖੇ ਨਹੀਂ ਸਨ। ਉਹ ਪੰਜਾਬੀ ਬੋਲਣੀ ਜਾਣਦੇ ਸਨ ਪਰ ਪੜ੍ਹਨੀ ਨਹੀਂ। ਜਵਾਨ ਹੋਣ ’ਤੇ ਉਨ੍ਹਾਂ ਵਿਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ। 1947 ’ਚ ਦੇਸ਼ ਵੰਡ ਕਾਰਨ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ।
ਉਹ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ। ਹਾਲਾਂਕਿ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੈਥ ਵੱਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ਵਿਚ ਦਰਜ ਹੋਇਆ।
ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ ਸੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ।
ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਵਿਚ ਹਿੱਸਾ ਲਿਆ। ਉਨ੍ਹਾਂ ਦੋ ਕੈਨੇਡਿਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਵੀ ਹਿੱਸਾ ਲਿਆ।
ਫੌਜਾ ਸਿੰਘ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ ਨਾਲ ਸਨਮਾਨਿਤ ਕੀਤਾ।
ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਉਦੋਂ ਕਿਹਾ ਸੀ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹਨ ਅਤੇ ਉਨ੍ਹਾਂ ਦਾ ਦੌੜਨਾ 11 ਸਤੰਬਰ ਨੂੰ ਹੋਏ ਅਤਿਵਾਦੀ ਪਾੜੇ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਉਹ ਸਭ ਤੋਂ ਵੱਡੀ ਪ੍ਰੇਰਣਾ ਹੈ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ ਦਾ ਖਿਤਾਬ ਵੀ ਦਿੱਤਾ ਗਿਆ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਕ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਇੱਕ ਸਦੀ ਦੇ ਮਹਾਨ ਸਿੱਖ ਦੌੜਾਕ ਸ. ਫੌਜਾ ਸਿੰਘ ਦੇ ਅਕਾਲ ਚਲਾਣੇ ਨਾਲ ਮਨ ਨੂੰ ਗਹਿਰਾ ਦੁੱਖ ਪੁੱਜਾ ਹੈ। ਉਹ 114 ਸਾਲਾਂ ਦੀ ਉਮਰ ਵਿੱਚ ਵੀ ਪੂਰੀ ਚੜ੍ਹਦੀ ਕਲਾ ਵਾਲੇ ਸਿੱਖ ਸਨ, ਜਿਨ੍ਹਾਂ ਨੇ ਵਿਸ਼ਵ ਅੰਦਰ ਸਿੱਖ ਪਛਾਣ ਅਤੇ ਦਸਤਾਰ ਦਾ ਨਾਮ ਉੱਚਾ ਕੀਤਾ। ਉਨ੍ਹਾਂ ਨੇ ਗੁਰਬਾਣੀ ਦੇ ਸਿਧਾਂਤ ਅਨੁਸਾਰ ਹਮੇਸ਼ਾ ਅਗਾਂਹ ਨੂੰ ਹੀ ਕਦਮ ਪੁੱਟੇ, ਜੋ ਸਮੁੱਚੇ ਸਿੱਖ ਜਗਤ ਅਤੇ ਖ਼ਾਸਕਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪੰਜਾਬ ਦਾ ਹਰ ਨੌਜਵਾਨ ਇਨ੍ਹਾਂ ਤੋਂ ਸੇਧ ਲੈ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।