DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਪ੍ਰਭਾਵਿਤ ਰਾਹਤ ਸਮੱਗਰੀ ਵੰਡਣ ਵਾਲੇ ਪਹਿਲਾਂ ਲੋੜਵੰਦਾਂ ਦੀ ਤਸਦੀਕ ਕਰਨ: ਗਿਆਨੀ ਕੁਲਦੀਪ ਸਿੰਘ ਗੜਗੱਜ

ਵਾਧੂ ਰਾਹਤ ਸਮੱਗਰੀ ਗੁਰਦੁਆਰਿਆਂ ਵਿੱਚ ਸੁਰੱਖਿਅਤ ਜਮ੍ਹਾਂ ਕਰਨ ਦੀ ਅਪੀਲ
  • fb
  • twitter
  • whatsapp
  • whatsapp
Advertisement
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਦੀ ਵੰਡ ਸਮੇਂ ਵਾਪਰ ਰਹੀਆਂ ਕੁਝ ਅਣਸੁਖਾਵੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਮਾਜ ਸੇਵੀ ਸੰਗਠਨ ਲੋੜਵੰਦਾਂ ਦੀ ਮਦਦ ਸਮੇਂ ਸਬੰਧਤ ਪਿੰਡ ਦੇ ਮੋਹਤਬਰ ਵਿਅਕਤੀਆਂ ਕੋਲੋਂ ਲੋੜਵੰਦਾਂ ਦੀ ਤਸਦੀਕ ਕਰ ਲੈਣ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਵਾਧੂ ਰਾਹਤ ਸਮੱਗਰੀ ਨੂੰ ਨੇੜਲੇ ਗੁਰਦੁਆਰਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਬਾਅਦ ਵਿੱਚ ਉਸ ਦੀ ਸਾਰਥਕ ਵਰਤੋਂ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਹੜ੍ਹ ਕਾਰਨ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਨੇ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਲੋਕਾਂ ਤੱਕ ਪੁੱਜਦੀ ਕਰਕੇ ਚੜ੍ਹਦੀ ਕਲਾਂ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਹੀ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਪੰਜਾਬ ਦੀ ਧਰਤੀ ਦਾ ਖਾਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹ ਨੇ ਲੋਕਾਂ ਦੇ ਘਰਾਂ, ਫਸਲਾਂ, ਮਾਲ ਡੰਗਰਾਂ ਤੇ ਖੇਤੀਬਾੜੀ ਮਸ਼ੀਨਰੀ ਦਾ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਹੜ੍ਹ ਦਾ ਪਾਣੀ ਉਤਰਨ ਮਗਰੋਂ ਅਗਾਂਹ ਹੁਣ ਲੰਮੇ ਸਮੇਂ ਤੱਕ ਪ੍ਰਭਾਵਿਤ ਲੋਕਾਂ ਤੇ ਲੋੜਵੰਦਾਂ ਲਈ ਰਾਹਤ ਕਾਰਜਾਂ ਤੇ ਸਿਹਤ ਸੇਵਾਵਾਂ ਦੀ ਵਧੇਰੇ ਲੋੜ ਪੈਣੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਅਣਸੁਖਾਵੀਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਅਤੇ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਦੇ ਵਾਲੰਟੀਅਰਾਂ ਨਾਲ ਵੀ ਧੱਕੇਸ਼ਾਹੀ ਕੀਤੀ ਗਈ ਹੈ, ਜੋ ਕਿ ਪੰਜਾਬ ਦਾ ਸੁਭਾਅ ਨਹੀਂ ਹੈ।

Advertisement

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿ ਹੁਣ ਵੀ ਸੰਸਥਾਵਾਂ ਦੇ ਨਾਲ-ਨਾਲ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਤੇ ਤਰਾਈ ਖੇਤਰ ਤੋਂ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਪੰਜਾਬ ਅੰਦਰ ਪੁੱਜ ਰਹੀ ਹੈ। ਸੂਬਾ ਸਰਕਾਰ ਦੀ ਕੋਈ ਯੋਜਨਾਬੰਦੀ ਅਤੇ ਸੰਗਠਤ ਪ੍ਰਬੰਧ ਨਾ ਹੋਣ ਕਾਰਨ, ਰਾਹਤ ਸਮੱਗਰੀ ਲੋੜਵੰਦਾਂ ਤੱਕ ਨਾ ਪਹੁੰਚਣ ਅਤੇ ਲੋਕਾਂ ਦਾ ਦਸਵੰਧ ਵਿਅਰਥ ਜਾਣ ਦੀ ਵੱਡੀ ਚਿੰਤਾ ਹੈ।

ਉਨ੍ਹਾਂ ਸੇਵਾਵਾਂ ਕਰ ਰਹੀਆਂ ਸਮੂਹ ਸੰਸਥਾਵਾਂ ਨੂੰ ਆਖਿਆ ਕਿ ਉਹ ਜਿਹੜੇ ਵੀ ਇਲਾਕੇ ਵਿੱਚ ਸੇਵਾ ਕਾਰਜ ਕਰਨ ਜਾ ਰਹੀਆਂ ਹਨ ਤਾਂ ਉਸ ਇਲਾਕੇ ਵਿੱਚ ਲੋੜਵੰਦਾਂ ਦੀ ਪਿੰਡਾਂ ਦੇ ਨੁਮਾਇੰਦਿਆਂ ਰਾਹੀਂ ਤਸਦੀਕ ਕਰ ਲਈ ਜਾਵੇ। ਜੇਕਰ ਸੰਸਥਾਵਾਂ ਕੋਲ ਵਾਧੂ ਰਾਹਤ ਸਮੱਗਰੀ ਹੈ, ਤਾਂ ਉਸ ਨੂੰ ਸਬੰਧਤ ਇਲਾਕੇ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਅਤੇ ਹੋਰ ਸਥਾਨਕ ਪ੍ਰਬੰਧਾਂ ਵਾਲੇ ਗੁਰਦੁਆਰਿਆਂ ਵਿੱਚ ਜਮ੍ਹਾਂ ਕਰ ਲਿਆ ਜਾਵੇ, ਤਾਂ ਜੋ ਸਮੱਗਰੀ ਸੁਰੱਖਿਅਤ ਰਹੇ ਅਤੇ ਲੋੜ ਪੈਣ ’ਤੇ ਉਸ ਦੀ ਸਾਰਥਕ ਵਰਤੋਂ ਕਰ ਲਈ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਗੁਰਦੁਆਰਿਆਂ ਦੇ ਸਥਾਨਕ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਦੇ ਪ੍ਰਬੰਧ ਵਾਲੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ ਜੇਕਰ ਰਾਹਤ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਜਾ ਸਮੂਹ ਉਨ੍ਹਾਂ ਪਾਸ ਸਮੱਗਰੀ ਲੈ ਕੇ ਪੁੱਜਦੇ ਹਨ ਤਾਂ ਉਸ ਨੂੰ ਸੁਰੱਖਿਅਤ ਕਰਨ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਦਾ ਬਾਕਾਇਦਾ ਵੱਖਰਾ ਰਿਕਾਰਡ ਰੱਖਿਆ ਜਾਵੇ। ਲੋੜ ਪੈਣ ’ਤੇ ਜਿਸ ਗੁਰਦੁਆਰਾ ਸਾਹਿਬ ਵਿੱਚ ਰਾਹਤ ਸਮੱਗਰੀ ਜਮ੍ਹਾਂ ਕਰਵਾਈ ਗਈ ਹੈ, ਉੱਥੋਂ ਪ੍ਰਾਪਤ ਕਰਕੇ ਲੋੜਵੰਦਾਂ ਤੱਕ ਪੁੱਜਦੀ ਕਰ ਦਿੱਤੀ ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਰਾਰਤੀ ਅਨਸਰਾਂ ਦੀ ਵੀ ਸਖ਼ਤ ਨਿਖੇਧੀ ਕੀਤੀ ਜਿਹੜੇ ਇਸ ਆਫ਼ਤ ਸਮੇਂ ਦੇ ਮਾਝਾ ਖੇਤਰ ਅੰਦਰ ਫਿਰਕੂ, ਜਾਤੀਵਾਦੀ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਨਫ਼ਰਤੀ ਜ਼ਹਿਰ ਘੋਲਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਸੰਸਥਾਵਾਂ ਲੋੜਵੰਦ ਪਰਿਵਾਰਾਂ ਤੱਕ ਰਾਹਤ ਸੇਵਾ ਪਹੁੰਚਾ ਰਹੀਆਂ ਹਨ। ਉਨ੍ਹਾਂ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਦੀ ਸ਼ਰਾਰਤ ਨੂੰ ਨਸ਼ਰ ਕਰਨ ਲਈ ਵੀ ਆਖਿਆ।

Advertisement
×