ਇੰਤਜ਼ਾਰ ਖ਼ਤਮ: ਕੋਲਕਾਤਾ ਦੇ ਸਮੀਰ ਨਾਲ ਵਿਆਹ ਕਰਾਉਣ ਕਰਾਚੀ ਤੋਂ ਜਾਵੇਰੀਆ ਖ਼ਾਨਮ ਭਾਰਤ ਪੁੱਜੀ
ਦਿਲਬਾਗ ਸਿੰਘ ਗਿੱਲ ਅਟਾਰੀ, 5 ਦਸੰਬਰ ਪੰਜ ਸਾਲਾ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਕਰਵਾਉਣ ਦਾ ਇੰਤਜ਼ਾਰ ਕਰ ਰਹੀ ਕਰਾਚੀ ਦੀ ਜਾਵੇਰਿਆ ਖ਼ਾਨਮ (21) ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੀ। ਉਸ ਦੇ ਮੰਗੇਤਰ ਸਮੀਰ ਖ਼ਾਨ ਨੇ ਅਟਾਰੀ ਸਰਹੱਦ ਵਿਖੇ ਫੁੱਲਾਂ...
ਦਿਲਬਾਗ ਸਿੰਘ ਗਿੱਲ
ਅਟਾਰੀ, 5 ਦਸੰਬਰ
ਪੰਜ ਸਾਲਾ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਕਰਵਾਉਣ ਦਾ ਇੰਤਜ਼ਾਰ ਕਰ ਰਹੀ ਕਰਾਚੀ ਦੀ ਜਾਵੇਰਿਆ ਖ਼ਾਨਮ (21) ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੀ। ਉਸ ਦੇ ਮੰਗੇਤਰ ਸਮੀਰ ਖ਼ਾਨ ਨੇ ਅਟਾਰੀ ਸਰਹੱਦ ਵਿਖੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਭਾਰਤ ਦੀ ਸਰਜ਼ਮੀਨ ’ਤੇ ਕਦਮ ਰੱਖਦੇ ਹੀ ਉਸ ਨੇ ਖ਼ੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸ ਦਾ ਸੁਪਨਾ ਪੂਰਾ ਹੋ ਰਿਹਾ ਹੈ। ਜਾਵੇਰਿਆ ਖ਼ਾਨਮ ਨੇ ਭਾਰਤ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਅੱਜ ਉਹ ਭਾਰਤ ਵਿੱਚ ਆਪਣੇ ਮੰਗੇਤਰ ਕੋਲ ਪੁੱਜ ਗਈ ਹੈ। ਉਨ੍ਹਾਂ ਭਾਰਤੀ ਪੱਤਰਕਾਰ ਮਕਬੂਲ ਅਹਿਮਦ ਵਾਸੀ ਕਾਦੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਅਦਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਸਹਿਯੋਗ ਸਦਕਾ ਸੁਪਨਾ ਪੂਰਾ ਹੋ ਰਿਹਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਉਸ ਦਾ ਭਾਰਤ ਆਉਣਾ ਸੰਭਵ ਹੋਇਆ।
ਸਮੀਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ 6 ਜਨਵਰੀ 2024 ਨੂੰ ਉਹ ਵਿਆਹ ਦੀ ਪਾਰਟੀ ਕਰਨਗੇ। ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਵਾਸੀ ਕਰਾਚੀ (ਪਾਕਿਸਤਾਨ) ਨੂੰ ਭਾਰਤ ਸਰਕਾਰ ਵੱਲੋਂ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਕੁਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਕੋਲਕਾਤਾ ਵਿਖੇ ਵਿਆਹ ਹੋਵੇਗਾ। ਇਸ ਮੌਕੇ ਕੋਲਕਾਤਾ ਤੋਂ ਸਮੀਰ ਦੇ ਪਿਤਾ ਅਹਿਮਦ ਕਮਾਲ ਖ਼ਾਨ ਅਤੇ ਚਾਚਾ ਇਜਲਾਲ ਖਾਨ ਵੀ ਮੌਜੂਦ ਸਨ।