DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ

10 ਅਕਤੂਬਰ ਤੱਕ ਚੱਲੇਗੀ ਸਾਲਾਨਾ ਯਾਤਰਾ, ਰੋਪਵੇਅ ਸਥਾਪਤੀ ਦਾ ਕੰਮ ਅਗਲੇ ਪੜਾਅ ਵਿਚ ਪੁੱਜਾ
  • fb
  • twitter
  • whatsapp
  • whatsapp
Advertisement
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ ਅਤੇ ਸ਼ਰਧਾਲੂ ਮੁੜ ਪੂਰੇ ਉਤਸ਼ਾਹ ਨਾਲ ਗੁਰੂ ਧਾਮ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਇਹ ਸਾਲਾਨਾ ਯਾਤਰਾ 10 ਅਕਤੂਬਰ ਤੱਕ ਚੱਲੇਗੀ। ਇਸ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਰੋਪਵੇਅ ਸਥਾਪਤ ਕਰਨ ਦਾ ਕੰਮ ਵੀ ਅਗਲੇ ਪੜਾਅ ਵਿੱਚ ਪੁੱਜ ਗਿਆ ਹੈ।

ਵਧੇਰੇ ਮੀਂਹ, ਕਈ ਥਾਵਾਂ ’ਤੇ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਉੱਤਰਾਖੰਡ ਸਰਕਾਰ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਸਮੇਤ ਚਾਰ ਧਾਮ ਦੀ ਯਾਤਰਾ ਪੰਜ ਸਤੰਬਰ ਤੱਕ ਬੰਦ ਕਰ ਦਿੱਤੀ ਗਈ ਸੀ। ਇਹ ਯਾਤਰਾ ਮੁੜ 6 ਸਤੰਬਰ ਤੋਂ ਸ਼ੁਰੂ ਹੋ ਗਈ ਹੈ।

Advertisement

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਮੁੜ ਸ਼ੁਰੂ ਹੋ ਗਈ ਹੈ ਅਤੇ ਸ਼ਰਧਾਲੂ ਪੂਰੇ ਉਤਸ਼ਾਹ ਨਾਲ ਗੁਰੂਘਰ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਹੜ੍ਹਾਂ ਵਾਲੀ ਸਥਿਤੀ ਹੈ, ਲੋਕ ਹੜਾਂ ਨਾਲ ਜੂਝ ਰਹੇ ਹਨ ਪਰ ਇਸ ਦੇ ਬਾਵਜੂਦ ਗੁਰੂਧਾਮਾਂ ਪ੍ਰਤੀ ਸ਼ਰਧਾ ਵਿੱਚ ਪਹਿਲਾਂ ਵਾਂਗ ਹੀ ਉਤਸ਼ਾਹ ਬਣਿਆ ਹੋਇਆ ਹੈ। ਇਹ ਸਿੱਖ ਭਾਈਚਾਰੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਤੀਕੂਲ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਹੇਮਕੁੰਟ ਸਾਹਿਬ ਪੁੱਜ ਰਹੀ ਹੈ। ਇਹ ਸੰਗਤ ਦੇ ਗੁਰੂ ਪ੍ਰਤੀ ਵਿਸ਼ਵਾਸ ਦੀ ਤਾਕਤ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਤੱਕ ਚੱਲੇਗੀ ਅਤੇ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਵਾਸਤੇ ਸਿਰਫ ਇੱਕ ਮਹੀਨਾ ਹੀ ਬਾਕੀ ਰਹਿ ਗਿਆ ਹੈ, ਇਸ ਲਈ ਜੋ ਸੰਗਤ ਆਉਣਾ ਚਾਹੁੰਦੀ ਹੈ, ਉਹ ਇਨ੍ਹਾਂ ਦਿਨਾਂ ਵਿੱਚ ਆਪਣਾ ਪ੍ਰੋਗਰਾਮ ਉਲੀਕੇ।

ਉਨ੍ਹਾਂ ਦੱਸਿਆ ਕਿ 15 ਸਤੰਬਰ ਤੋਂ ਹੈਲੀਕਾਪਟਰ ਸੇਵਾ ਵੀ ਮੁੜ ਸ਼ੁਰੂ ਹੋ ਜਾਵੇਗੀ। ਇਹ ਸੇਵਾ ਉਨ੍ਹਾਂ ਸ਼ਰਧਾਲੂਆਂ ਵਾਸਤੇ ਵਧੇਰੇ ਲਾਭਦਾਇਕ ਹੈ ਜੋ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਹਨ ਜਾਂ ਸਮੇਂ ਦੀ ਘਾਟ ਕਾਰਨ ਜਲਦੀ ਦਰਸ਼ਨਾਂ ਵਾਸਤੇ ਪਹੁੰਚਣਾ ਚਾਹੁੰਦੇ ਹਨ। ਹੈਲੀਕਾਪਟਰ ਸੇਵਾ ਦੀ ਬਹਾਲੀ ਨਾਲ ਨਾ ਸਿਰਫ ਯਾਤਰਾ ਸੁਖਾਲੀ ਹੋਵੇਗੀ ਸਗੋ ਵੱਧ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ। ਡਾਕਟਰੀ ਸਹਾਇਤਾ ਅਤੇ ਸੁਰੱਖਿਅਤ ਰਸਤੇ ਯਕੀਨੀ ਬਣਾਉਣ ਦੇ ਨਾਲ ਨਾਲ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਵੀ ਇਸ ਮਾਮਲੇ ਵਿੱਚ ਪ੍ਰਬੰਧਕਾਂ ਦੀ ਵਚਨਬਧਤਾ ਨੂੰ ਦਰਸਾਉਂਦੀ ਹੈ।

Advertisement
×