ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ ਅਤੇ ਇਸੇ ਦਿਨ ਹੀ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਅੱਜ ਗੁਰਦੁਆਰਾ ਗੋਬਿੰਦ ਘਾਟ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਅਧੀਨ ਆਉਂਦੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਸਹਿਜ ਪਾਠ ਦੇ ਭੋਗ ਪਾਏ ਗਏ ਹਨ ਅਤੇ ਉਪਰੰਤ ਸਾਰਾ ਅਮਲਾ ਗੁਰਦੁਆਰਾ ਹੇਮਕੁੰਟ ਸਾਹਿਬ ਵਾਸਤੇ ਰਵਾਨਾ ਹੋਵੇਗਾ ਜਿੱਥੇ ਦੱਸ ਅਕਤੂਬਰ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ। ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ ਅਤੇ ਅਰਦਾਸ ਮਗਰੋਂ ਖਾਲਸਾਈ ਰਵਾਇਤਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼ੀਤ ਕਾਲ ਵਾਸਤੇ ਸੁਖ ਅਸਥਾਨ ਵਿਖੇ ਲਿਜਾਇਆ ਜਾਵੇਗਾ। ਇਸ ਮੌਕੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਹੇਮਕੁੰਟ ਸਾਹਿਬ ਸੇਵਾ ਲਈ ਵਿਸ਼ੇਸ਼ ਯੋਗਦਾਨ ਦੇਣ ਵਾਲੀ ਭਾਰਤੀ ਫੌਜ ਦੀ 9 ਬਟਾਲੀਅਨ ਅਤੇ ਇੰਡੀਪੈਂਡੈਂਟ ਕੋਰ ਦੇ ਅਧਿਕਾਰੀਆਂ ਨੂੰ ਸਨਮਾਨਿਤ ਕਰਨਗੇ, ਜੋ ਹਰ ਸਾਲ ਸ੍ਰੀ ਗੁਰੂ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰੇ ਦੇ ਆਲੇ ਦੁਆਲੇ ਇਕੱਠੀ ਹੋਈ ਬਰਫ ਨੂੰ ਹਟਾਉਂਦੇ ਹਨ ਅਤੇ ਰਸਤੇ ਤਿਆਰ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਬਰਫਬਾਰੀ ਹੋਈ ਸੀ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਬਰਫ ਇਕੱਠੀ ਹੋ ਗਈ ਸੀ ਪਰ ਮੁੜ ਧੁੱਪ ਨਿਕਲਣ ਨਾਲ ਬਰਫ ਪਿਘਲ ਗਈ ਹੈ। ਹੁਣ ਤੱਕ ਲਗਭਗ ਪੌਣੇ 3 ਲੱਖ ਸੰਗਤ ਇਸ ਸਾਲ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਲਈ ਆ ਚੁੱਕੀ ਹੈ।