ਸੁਖਬੀਰ ਬਾਦਲ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾਈ
Sukhbir Badal performs religious service at Gurdwara Tuti Gandhi Sahib; ਲੰਗਰ ’ਚ ਭਾਂਡੇ ਮਾਂਜੇ ਅਤੇ ਕੀਰਤਨ ਸਰਵਣ ਕੀਤਾ; ਭੂੰਦੜ, ਚੀਮਾ ਤੇ ਲੰਗਾਹ ਸਣੇ ਹੋਰ ਆਗੂਆਂ ਨੇ ਵੀ ਤਨਖ਼ਾਹ ਤਹਿਤ ਕੀਤੀ ਸੇਵਾ
Advertisement
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਦਸੰਬਰ
Advertisement
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹ ਤਹਿਤ ਲਾਈ ਗਈ ਧਾਰਮਿਕ ਸਜ਼ਾ ਭੁਗਤਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਬਰਛਾ ਫੜ ਕੇ ਸੇਵਾਦਾਰ ਵਜੋਂ ਅਤੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਦੋ ਰੋਜ਼ਾ ਸੇਵਾ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੀਲਾ ਚੋਲਾ ਪਹਿਨਿਆ ਹੋਇਆ ਸੀ ਤੇ ਗੁਰਬਾਣੀ ਦੀ ਤੁਕ ਲਿਖੀ ਤਖ਼ਤੀ ਗਲ ’ਚ ਪਾਈ ਹੋਈ ਸੀ।
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਉਪਰ ਸੁਖਬੀਰ ਬਾਦਲ ਨੇ ਚੋਬਦਾਰ ਵਜੋਂ ਸਵੇਰੇ 9 ਤੋਂ 10 ਵਜੇ ਤੱਕ ਸੇਵਾ ਕੀਤੀ। ਇਸ ਉਪਰੰਤ 10 ਤੋਂ 11 ਵਜੇ ਤੱਕ ਉਨ੍ਹਾਂ ਕੀਰਤਨ ਸਰਵਣ ਕੀਤਾ ਤੇ ਫਿਰ 11 ਤੋਂ 12 ਵਜੇ ਤੱਕ ਲੰਗਰ ਹਾਲ ’ਚ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ। ਇਸ ਦੌਰਾਨ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਨੇ ਵੀ ਗੁਰਦੁਆਰਾ ਸਾਹਿਬ ’ਚ ਸੇਵਾ ਕੀਤੀ।
ਸਖ਼ਤ ਸੁਰੱਖਿਆ ਵਿਚਕਾਰ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਘੰਟੇ ਸੇਵਾ ਕੀਤੀ। ਇਸ ਦੌਰਾਨ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ - ਅਕਾਲੀ ਦਲ ਦੇ ਮੁਕਤਸਰ ਤੋਂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਅਤੇ ਹੋਰ ਆਗੂਆਂ ਨੇ ਵੀ ਸੇਵਾ ਕੀਤੀ।
ਸੁਰੱਖਿਆ ਲਈ ਭਾਰੀ ਪੁਲੀਸ ਫੋਰਸ ਰਹੀ ਤਾਇਨਾਤ
ਸੁਖਬੀਰ ਬਾਦਲ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਮੌਕੇ ਗੁਰਦੁਆਰਾ ਸਾਹਿਬ ’ਚ ਵੀ ਵੱਡੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਹਰ ਇਕ ਵਿਅਕਤੀ ਦੀ ਚੈਕਿੰਗ ਕਰ ਕੇ ਅੱਗੇ ਜਾਣ ਦਿੱਤਾ ਜਾ ਰਿਹਾ ਸੀ। ਸੁਖਬੀਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਾਰੇ 7 ਗੇਟਾਂ ’ਤੇ ਸਖ਼ਤ ਪੁਲਿਸ ਸੁਰੱਖਿਆ ਲਗਾਈ ਗਈ ਸੀ।
ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵਾਲੇ ਸਾਰੇ ਗੇਟ 'ਤੇ ਮੈਟਲ ਡਿਟੈਕਟਰ ਮਸ਼ੀਨਾਂ ਲਗਾਈਆਂ ਗਈਆਂ ਸਨ। ਮਸ਼ੀਨ ਰਾਹੀਂ ਜਾਂਚ ਕਰ ਕੇ ਹੀ ਸ਼ਰਧਾਲੂਆਂ ਨੂੰ ਅੰਦਰ ਭੇਜਿਆ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਚਿਟਕੱਪੜੀਏ ਪੁਲੀਸ ਅਧਿਕਾਰੀ ਅਤੇ ਸੀਆਈਡੀ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਤਿੱਖੀ ਨਜ਼ਰ ਰੱਖ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਗੋਲੀਬਾਰੀ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ।
Advertisement
Advertisement
×