ਸੁਖਬੀਰ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਅਕਾਲ ਤਖ਼ਤ ਵਿਖੇ ਨਤਮਸਤਕ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਅਕਾਲੀ ਵਰਕਰਾਂ ਤੇ ਪੰਜਾਬੀਆਂ ਦੇ ਨਿਰੰਤਰ ਸੰਘਰਸ਼ ਸਦਕਾ ਲੈਂਡ ਪੂਲਿੰਗ ਸਕੀਮ ਰੱਦ ਹੋਣ ’ਤੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਹੜ੍ਹਾਂ ਦੀ ਸਮੱਸਿਆ ਤੋਂ ਨਿਜਾਤ ਵਾਸਤੇ ਗੁਰੂ ਘਰ ਵਿੱਚ ਅਰਦਾਸ ਕੀਤੀ ਹੈ
ਪਾਰਟੀ ਲੀਡਰਸ਼ਿਪ ਅੱਜ ਇਕੱਠੀ ਹੋ ਕੇ ਇੱਥੇ ਅਕਾਲ ਤਖਤ ਵਿਖੇ ਪੁੱਜੀ ਸੀ ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਡੱਟ ਕੇ ਵਿਰੋਧ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ‘ਆਪ’ ਸਰਕਾਰ ਨੂੰ ਇਹ ਲੈਂਡ ਪੂਲਿੰਗ ਨੀਤੀ ਰੱਦ ਕਰਨੀ ਪਈ ਹੈ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਨੇ ਪੰਥਕ ਪਾਰਟੀ ਨੂੰ ਇਹ ਤਾਕਤ ਬਖਸ਼ੀ ਕਿ ਉਸ ਵੱਲੋਂ 65,000 ਏਕੜ ਬੇਸ਼ਕੀਮਤੀ ਉਪਜਾਊ ਜ਼ਮੀਨ ਚਿੱਲੜਾਂ ਦੇ ਭਾਅ ਦਿੱਲੀ ਦੇ ਵਪਾਰੀਆਂ ਨੂੰ ਦੇਣ ਦੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਫੈਸਲੇ ਦੀ ਡਟਵੀਂ ਵਿਰੋਧਤਾ ਦੀ ਤਾਕਤ ਬਖਸ਼ਿਸ਼ ਕੀਤੀ। ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਕਥਿਤ ਜ਼ਮੀਨ ਹੜੱਪ ਕਰਨ ਦੀ ਇਹ ਨੀਤੀ ਪੰਜਾਬੀਆਂ ਦੀ ਇਕਜੁੱਟਤਾ ਕਾਰਨ ਰੱਦ ਕਰਵਾਈ ਜਾ ਸਕੀ ਹੈ। ਪਾਰਟੀ ਨੇ ਇਸ ਲਹਿਰ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਨੇ ਅਕਾਲ ਪੁਰਖ਼ ਅੱਗੇ ਅਰਦਾਸ ਕੀਤੀ ਕਿ ਅੰਨਦਾਤੇ ਤੇ ਪੰਜਾਬੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾਵੇ ਅਤੇ ਖੇਤਾਂ ਵਿਚੋਂ ਹੜ੍ਹਾਂ ਦਾ ਪਾਣੀ ਛੇਤੀ ਨਿਕਲਣ ਵਾਸਤੇ ਮਿਹਰ ਕੀਤੀ ਜਾਵੇ। ਉਨ੍ਹਾਂ ਪੰਜਾਬ ਵਿੱਚ ਹੜ੍ਹਾਂ ਦੀ ਇਸ ਤ੍ਰਾਸਦੀ ਵਾਸਤੇ ‘ਆਪ’ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਹੜ੍ਹਾਂ ਤੋਂ ਪਹਿਲਾਂ ਬੰਨ੍ਹਾਂ ਦੀ ਮਜ਼ਬੂਤੀ, ਦਰਿਆਵਾਂ ਦੀ ਖਲਾਈ ਅਤੇ ਨਹਿਰਾਂ ਨੂੰ ਮਜ਼ਬੂਤ ਕੀਤਾ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪੰਜਾਬ ਤੋਂ ਪਾਣੀ ਮੰਗਣ ਵਾਲੇ ਸੂਬਿਆਂ ਨੇ ਹੁਣ ਪੰਜਾਬ ਵਿੱਚ ਆਏ ਹੜ੍ਹਾਂ ਦੇ ਸਮੇਂ ਸੂਬੇ ਦੇ ਲੋਕਾਂ ਦਾ ਹਾਲ ਪੁੱਛਣ ਦਾ ਵੀ ਹੌਸਲਾ ਨਹੀਂ ਕੀਤਾ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਕੇਂਦਰ ਸਰਕਾਰ ਵੱਲੋਂ ਵੀ ਹੁਣ ਤੱਕ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਤੋਂ ਵੀ ਕੋਈ ਪ੍ਰਤੀਨਿਧ ਨਹੀਂ ਆਇਆ।