ਪੰਜਾਬ ’ਚ ਹੜ੍ਹਾਂ ਲਈ ਸੂਬਾ ਤੇ ਕੇਂਦਰ ਸਰਕਾਰ ਜ਼ਿੰਮੇਵਾਰ: ਬਘੇਲ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ ਦੀਆਂ ਗੈਰ ਜ਼ਿੰਮੇਵਾਰਾਨਾ ਨੀਤੀਆਂ ਕਾਰਨ ਸਰਹੱਦੀ ਸੂਬੇ ਦੇ ਲੋਕ ਦੁਖੀ ਹਨ। ਜ਼ਿਕਰਯੋਗ ਹੈ ਕਿ ਸ੍ਰੀ ਬਘੇਲ ਪੰਜਾਬ ਦੇ ਦੋ ਦਿਨਾ ਦੌਰੇ ’ਤੇ ਆਏ ਹਨ ਅਤੇ ਇਸ ਦੌਰਾਨ ਛੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਹੜ ਪੀੜਤਾਂ ਨੂੰ ਮਿਲਣਗੇ। ਉਹ ਇਸ ਸਬੰਧੀ ਆਪਣੀ ਰਿਪੋਰਟ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸੌਂਪਣਗੇ।
ਇਥੇ ਹੜ੍ਹ ਪੀੜਤ ਲੋਕਾਂ ਵਾਸਤੇ ਰਾਹਤ ਸਮੱਗਰੀ ਦੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਉਂਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੋਰ ਵੀ ਮਾੜੀ ਗੱਲ ਹੈ ਕਿ ਸਰਕਾਰ ਨੇ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ, ਪ੍ਰਭਾਵਿਤ ਹੋਏ ਲੋਕਾਂ, ਮਾਰੇ ਗਏ ਪਸ਼ੂਆਂ, ਫਸਲਾਂ ਦੇ ਹੋਏ ਨੁਕਸਾਨ ਅਤੇ ਹੋਰ ਨੁਕਸਾਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਸੰਵੇਦਨਹੀਣ ਆਖਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਹੜ੍ਹਾਂ ਕਾਰਨ ਸੂਬੇ ਵਿੱਚ ਮਾੜੀ ਸਥਿਤੀ ਅਤੇ ਲੋਕਾਂ ਦੀ ਮਾੜੀ ਸਥਿਤੀ ਬਾਰੇ ਹੁਣ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ ਹੈ। ਉਨ੍ਹਾਂ ਪੰਜਾਬ ਨੂੰ ਉਸ ਦੇ ਹਾਲ ’ਤੇ ਹੀ ਛੱਡ ਦਿੱਤਾ ਹੈ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਥਾਨਕ ਕਾਂਗਰਸ ਲੀਡਰਸ਼ਿਪ ਹਾਜ਼ਰ ਸੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸ੍ਰੀ ਚੰਨੀ ਨੇ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਦੀ ਮਦਦ ਕਰਨ ਵਾਸਤੇ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕੱਲੇ ਹਸਪਤਾਲ ਵਿੱਚ ਨਹੀਂ ਹਨ ਸਗੋਂ ਸਮੁੱਚੀ ਸਰਕਾਰ ਹੀ ਹਸਪਤਾਲ ਵਿੱਚ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਮਾਂ ਹੁਣ ਇਹ ਦੋਸ਼ ਲਾਉਣ ਦਾ ਨਹੀਂ ਕਿ ਹਾਦਸਾ ਕਿਵੇਂ ਵਾਪਰਿਆ ਹੈ। ਇਸ ਵੇਲੇ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣਾ ਅਤੇ ਮਨੁੱਖਤਾ ਨੂੰ ਰਾਹਤ ਦੇਣਾ ਜ਼ਰੂਰੀ ਹੈ। ਸੂਬੇ ਵਿੱਚ ਸਥਿਤੀ ਠੀਕ ਹੋਣ ਤੋਂ ਬਾਅਦ ਉਹ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਆਫਤ ਕਿਵੇਂ ਆਈ, ਕੌਣ ਦੋਸ਼ੀ ਹੈ, ਆਉਣ ਵਾਲੇ ਸਮੇਂ ਵਿੱਚ ਸਭ ਕੁਝ ਸਪਸ਼ਟ ਹੋ ਜਾਵੇਗਾ।