ਸ੍ਰੀ ਦਰਬਾਰ ਸਾਹਿਬ: ਧਮਕੀਆਂ ਤੋਂ ਬਾਅਦ ਬਿਨਾਂ ਕਿਸੇ ਡਰ ਤੋਂ ਸੰਗਤਾਂ ਹੋ ਰਹੀਆਂ ਨਤਮਸਤਕ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਬੰਬ ਸਬੰਧੀ ਧਮਕੀ ਭਰੀਆਂ ਈਮੇਲਾਂ ਭਾਵੇਂ ਲਗਾਤਾਰ ਮਿਲ ਰਹੀਆਂ ਹਨ ਪਰ ਇਸ ਦੌਰਾਨ ਹੁਣ ਸੰਗਤ ਪਹਿਲਾ ਵਾਂਗ ਹੀ ਬਿਨਾਂ ਕਿਸੇ ਖੌਫ਼ ਦੇ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।ਸੂਤਰਾਂ ਮੁਤਾਬਕ 14 ਜੁਲਾਈ ਤੋਂ ਲੈ ਕੇ ਹੁਣ ਤਕ ਸ਼੍ਰੋਮਣੀ ਕਮੇਟੀ ਨੂੰ ਲਗਭਗ 20 ਈਮੇਲ ਪ੍ਰਾਪਤ ਹੋਏ ਹਨ। ਪਰ ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋ ਇਹ ਧਮਕੀ ਭਰੇ ਈਮੇਲ ਭੇਜਣ ਦੇ ਸਿਲਸਿਲੇ ਵਿਚ ਕੁਝ ਕਮੀ ਆਈ ਹੈ।
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਸਥਾ ਪੁਰੀ ਤਰਾਂ ਚੌਕਸ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਆ ਰਹੀ ਸੰਗਤ ਦੀ ਆਮਦ ਪਹਿਲਾ ਵਾਂਗ ਹੀ ਹੋ ਗਈ ਹੈ।
ਸ੍ਰੀ ਦਰਬਾਰ ਸਾਹਿਬ ਪਹੁੰਚੇ ਸ਼ਰਧਾਲੂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਵਿਚ ਖੌਫ਼ ਪੈਦਾ ਕਰਨ ਦੇ ਮੰਤਵ ਨਾਲ ਅਜਿਹਾ ਕੀਤਾ ਜਾ ਰਿਹਾ ਹੈ,ਜਿਸ ਤੋ ਸੁਚੇਤ ਹੋਣ ਦੀ ਲੋੜ ਹੈ।ਜਿਕਰਯੋਗ ਹੈ ਕਿ ਪੁਲੀਸ ਨੇ ਕੁਝ ਤਕਨੀਕੀ ਜਾਂਚ ਤੋਂ ਬਾਅਦ ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਵਿਅਕਤੀ ਸ਼ੁਭਮ ਦੂਬੇ ਨੂੰ ਹਿਰਾਸਤ ਵਿੱਚ ਲਿਆ ਸੀ। ਉਸਦਾ ਲੈਪਟਾਪ ਅਤੇ ਮੋਬਾਈਲ ਜ਼ਬਤ ਕੀਤਾ ਸੀ ਅਤੇ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਸੀ ਪਰ ਪੁਲੀਸ ਨੂੰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਠੋਸ ਸਫ਼ਲਤਾ ਨਹੀਂ ਮਿਲੀ ਹੈ। ਉਧਰ ਪੁਲੀਸ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।