ਦੇਸ਼ ਭਰ ਵਿੱਚ ਕੁਝ ਉਡਾਣਾਂ ਨੂੰ ਗਲਤ ਸਿਗਨਲ ਮਿਲੇ: ਨਾਇਡੂ
ਦਿੱਲੀ, ਕੋਲਕਾਤਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਬੰਗਲੁਰੂ ਅਤੇ ਚੇਨਈ ’ਚ ਵਾਪਰੀਆਂ ਘਟਨਾਵਾਂ; ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਰਾਜ ਸਭਾ ਵਿਚ ਦਿੱਤੀ ਜਾਣਕਾਰੀ
GPS spoofing ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਆਉਣ ਵਾਲੀਆਂ ਉਡਾਣਾਂ ਵਿਚ ਜੀ ਪੀ ਐਸ ਸਪੂਫਿੰਗ (ਸਾਈਬਰ ਅਟੈਕ ਰਾਹੀਂ ਗਲਤ ਸਿਗਨਲ ਭੇਜ ਕੇ ਜਹਾਜ਼ਾਂ ਨੂੰ ਗੁੰਮਰਾਹ ਕਰਨਾ) ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਸੁਰੱਖਿਆ ਮਾਪਦੰਡ ਅਪਣਾਏ ਗਏ। ਉਨ੍ਹਾਂ ਰਾਜ ਸਭਾ ਵਿਚ ਲਿਖਤੀ ਜਵਾਬ ਵਿਚ ਕਿਹਾ ਕਿ ਕੁਝ ਉਡਾਣਾਂ ਦੇ ਰਨਵੇਅ ’ਤੇ ਪਹੁੰਚਣ ਸਬੰਧੀ ਗਲਤ ਸਿਗਨਲ ਦਿੱਤੇ ਗਏ। ਦੱਸਣਾ ਬਣਦਾ ਹੈ ਕਿ ਜੀ ਪੀ ਐਸ ਸਪੂਫਿੰਗ ਅਜਿਹੀ ਤਕਨੀਕ ਹੁੰਦੀ ਹੈ ਜਿਸ ਨਾਲ ਨਕਲੀ ਸੈਟੇਲਾਈਟ ਸਿਗਨਲ ਭੇਜ ਕੇ ਜਹਾਜ਼ਾਂ ਨੂੰ ਗਲਤ ਲੋਕੇਸ਼ਨ, ਦਿਸ਼ਾ ਤੇ ਸਮੇਂ ਬਾਰੇ ਗੁੰਮਰਾਹ ਕੀਤਾ ਜਾਂਦਾ ਹੈ ਤੇ ਜਦੋਂ ਪਾਇਲਟ ਇਨ੍ਹਾਂ ਨਕਲੀ ਸੰਦੇਸ਼ਾਂ ਜ਼ਰੀਏ ਲੈਂਡ ਕਰਨ ਲਗਦਾ ਹੈ ਤਾਂ ਪਤਾ ਲਗਦਾ ਹੈ ਕਿ ਇਹ ਹਵਾਈ ਅੱਡੇ ਦੀ ਥਾਂ ਹੋਰ ਕੋਈ ਥਾਂ ਹੈ। ਇਸ ਨਾਲ ਯਾਤਰੀਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਇਆ ਜਾਂਦਾ ਹੈ।
ਸ੍ਰੀ ਨਾਇਡੂ ਨੇ ਪੁਸ਼ਟੀ ਕੀਤੀ ਕਿ ਕੋਲਕਾਤਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਬੰਗਲੁਰੂ ਅਤੇ ਚੇਨਈ ਸਮੇਤ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਵਿੱਚ ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸਦਨ ਨੂੰ ਅਜਿਹੀਆਂ ਘਟਨਾਵਾਂ ਬਾਰੇ ਅਤੇ ਸੁਰੱਖਿਅਤ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਹਵਾਬਾਜ਼ੀ ਅਧਿਕਾਰੀਆਂ ਵਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।

