Snowfall: ਬਰਫ਼ ਦੀ ਚਾਦਰ ਨਾਲ ਢਕਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ
First snowfall of the season in area around Gurdwara Sir Hemkunt Sahib, Uttrakhand.
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਦਸੰਬਰ
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਆਸਪਾਸ ਖੇਤਰ ਵਿਚ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਬੀਤੀ ਰਾਤ ਸ਼ੁਰੂ ਹੋਈ ਬਾਰਸ਼ ਸਵੇਰ 9 ਵਜੇ ਤੱਕ ਜਾਰੀ ਰਹੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਜੋ 10 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਹੈ, ਵਿਖੇ ਕਰੀਬ 6 ਇੰਚ ਬਰਫ ਡਿੱਗੀ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਘਾਂਗਰੀਆ ਇਲਾਕੇ ਵਿੱਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ, ਹਾਲਾਂਕਿ ਇਸ ਵਾਰ ਬਰਫ਼ਬਾਰੀ ਦੇਰ ਨਾਲ ਹੋਈ ਹੈ ਪਰ ਜਲਵਾਯੂ ਤਬਦੀਲੀ ਦੇ ਟਾਕਰੇ ਵਾਸਤੇ ਇਹ ਬਹੁਤ ਜ਼ਰੂਰੀ ਸੀ। ਇਸ ਨਾਲ ਵਾਤਾਵਰਨ ਵਿੱਚ ਸੁਧਾਰ ਆਵੇਗਾ।
ਟਰੱਸਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਸਮਾਪਤੀ ਸਮੇਂ ਹਲਕੀ ਬਰਫ਼ਬਾਰੀ ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਮੌਸਮ ਖ਼ੁਸ਼ਕ ਚੱਲ ਰਿਹਾ ਸੀ। ਇਹ ਸਰਦ ਰੁੱਤ ਦੀ ਪਹਿਲੀ ਬਰਫ਼ਬਾਰੀ ਹੈ।
ਇਹ ਵੀ ਪੜ੍ਹੋ:
ਗੁਰਦੁਆਰਾ ਹੇਮਕੁੰਟ ਸਾਹਿਬ ਦੀ ਰੋਪਵੇਅ ਯੋਜਨਾ ਲਟਕੀ
ਉਨ੍ਹਾਂ ਕਿਹਾ ਕਿ ਅਨੁਮਾਨ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਡੇਢ ਤੋਂ ਦੋ ਫੁੱਟ ਤੱਕ ਬਰਫ਼ ਪੈ ਗਈ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੋਬਿੰਦ ਧਾਮ ਵਿਖੇ ਫਿਲਹਾਲ ਮੁਰੰਮਤ ਦੇ ਕੰਮ ਜਾਰੀ ਹਨ। ਇਸ ਸਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਲਗਭਗ ਸਵਾ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਹੈ।