ਪੁਲੀਸ ਮੁਕਾਬਲੇ ਮਗਰੋਂ ਤਸਕਰ ਕਾਬੂ
ਪੱਤਰ ਪ੍ਰੇਰਕ/ਟ੍ਰਿਬਿਊਨ ਨਿਊਜ਼ ਸਰਵਿਸ
ਜੰਡਿਆਲਾ ਗੁਰੂ/ਅੰਮ੍ਰਿਤਸਰ, 3 ਅਗਸਤ
ਅੰਮ੍ਰਿਤਸਰ-ਜਲੰਧਰ ਜੀਟੀ ਰੋਡ ਸਥਿਤ ਕਸਬਾ ਮਾਨਾਂਵਾਲਾ ਵਿੱਚ ਪੁਲੀਸ ਤੇ ਨਸ਼ਾ ਤਸਕਰ ਦਰਮਿਆਨ ਹੋਈ ਗੋਲੀਬਾਰੀ ਮਗਰੋਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਕਿੱਲੋ ਹੈਰੋਇਨ ਤੇ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਚਾਟੀਵਿੰਡ ਦੇ ਐੱਸਐੱਚਓ ਨੇ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ। ਪੁਲੀਸ ਨੇ ਨਾਕਾ ਲਾ ਕੇ ਗੱਡੀ ਨੂੰ ਰੋਕਣਾ ਚਾਹਿਆ, ਪਰ ਮੁਲਜ਼ਮ ਫਾਇਰ ਕਰਕੇ ਫਰਾਰ ਹੋ ਗਿਆ। ਪੁਲੀਸ ਨੇ ਗੱਡੀ ਦਾ ਪਿੱਛਾ ਕੀਤਾ ਤੇ ਮਾਨਾਂਵਾਲਾ ’ਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਸਾਬਕਾ ਕਬੱਡੀ ਖਿਡਾਰੀ ਗੁਰਲਾਲ ਸਿੰਘ ਵਾਸੀ ਧਨੋਏ ਖੁਰਦ ਵਜੋਂ ਹੋਈ ਹੈ। ਮੁਲਜ਼ਮ ਕੋਲੋਂ .30 ਬੋਰ ਦਾ ਪਿਸਤੌਲ, 5 ਕਾਰਤੂਸ ਤੇ ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਚਾਟੀਵਿੰਡ ’ਚ ਕੇਸ ਦਰਜ ਕੀਤਾ ਹੈ।